The Khalas Tv Blog Khaas Lekh ਸਾਦੇ ਤਰੀਕੇ ਨਾਲ ਹੋ ਗਿਆ ਭਗਵੰਤ ਮਾਨ ਦਾ ਦੂਜਾ ਵਿਆਹ
Khaas Lekh Khalas Tv Special Punjab

ਸਾਦੇ ਤਰੀਕੇ ਨਾਲ ਹੋ ਗਿਆ ਭਗਵੰਤ ਮਾਨ ਦਾ ਦੂਜਾ ਵਿਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੱਤ ਵਿਆਹ ਦੇ ਬੰਧਨ ਵਿੱਚ ਬੱਝ ਗਏ  ਹਨ। ਬੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਨੰਦ ਕਾਰਜ ਦੀ ਰਸਮ ਨਿਭਾਈ ਗਈ। ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਮੁੱਖ ਮੰਤਰੀ ਦਾ ਆਪਣੇ ਅਹੁਦੇ ਉੱਤੇ ਹੁੰਦਿਆਂ ਜ਼ਿੰਦਗੀ ਭਰ ਦੇ ਬੰਧਨ ਵਿੱਚ ਬੱਝੇ ਹੋਣ।

ਉਂਝ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰ ਸੁਆਮੀ ਦਾ ਵਿਆਹ ਵੀ 2006 ਵਿੱਚ ਮੁੱਖ ਮੰਤਰੀ ਹੁੰਦਿਆਂ ਹੋਇਆ ਸੀ। ਸਬੱਬ ਦੀ ਗੱਲ ਇਹ ਕਿ ਕੁਮਾਰ ਸੁਆਮੀ ਦੀ ਵੀ ਇਹ ਦੂਜੀ ਸ਼ਾਦੀ ਸੀ। ਉਨ੍ਹਾਂ ਦਾ ਪਹਿਲਾ ਵਿਆਹ 1986 ਨੂੰ ਹੋਇਆ ਸੀ।

ਲਾੜੇ ਦੇ ਪਿਤਾ ਦੀਆਂ ਰਸਮਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ। ਸੰਸਦ ਮੈਂਬਰ ਰਾਘਵ ਚੱਢਾ ਨੇ ਚਾਵਾਂ ਨਾਲ ਸ਼ਗਨਾਂ ਦੇ ਦਿਨ ਨੂੰ ਰੰਗੀਨ ਬਣਾ ਦਿੱਤਾ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਤੇ ਮਾਂ ਹਰਪਾਲ ਕੌਰ ਦੀ ਚਾਅ ਵਿੱਚ ਧਰਤੀ ਉੱਤੇ ਅੱਡੀ ਨਹੀਂ ਸੀ ਲੱਗ ਰਹੀ।

ਮਾਨ ਦਾ ਇਸ ਤੋਂ ਪਹਿਲਾਂ ਇੱਕ ਪ੍ਰਵਾਸੀ ਪੰਜਾਬਣ ਇੰਦਰਪ੍ਰੀਤ ਕੌਰ ਦੇ ਨਾਲ ਵਿਆਹ ਹੋਇਆ ਸੀ ਪਰ ਸਾਲ 2015 ਵਿੱਚ ਉਹ ਇੱਕ ਦੂਜੇ ਤੋਂ ਕਾਨੂੰਨੀ ਤੌਰ ਉੱਤੇ ਵੱਖ ਹੋ ਗਏ ਸਨ। ਮਾਨ ਦੇ ਪਹਿਲੇ ਵਿਆਹ ਦੇ ਦੋ ਬੱਚੇ ਹਨ।

ਭਗਵੰਤ ਮਾਨ ਅਕਤੂਬਰ ਵਿੱਚ ਆਪਣੀ ਉਮਰ ਦੇ 49 ਵਰ੍ਹੇ ਪੂਰੇ ਕਰ ਲੈਣਗੇ ਜਦਕਿ ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ ਤੋਂ 20 ਸਾਲ ਛੋਟੀ ਦੱਸੀ ਜਾਂਦੀ ਹੈ। ਡਾਕਟਰ ਗੁਰਪ੍ਰੀਤ ਕੌਰ ਜਿਹੜੀ ਕਿ ਪਿਹੋਵਾ ਦੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ, ਨੇ ਐੱਮਬੀਬੀਐੱਸ ਮੌਲਾਣਾ ਮੈਡੀਕਲ ਕਾਲਜ ਪੰਚਕੂਲਾ ਤੋਂ ਕੀਤੀ ਸੀ। ਅੱਜਕੱਲ੍ਹ ਉਹ ਮੁਹਾਲੀ ਦੇ ਫੇਜ਼ ਸੱਤ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਮੁੱਖ ਮੰਤਰੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਤਾਜ਼ੇ ਫੁੱਲਾਂ ਨਾਲ ਸਜਾਇਆ ਗਿਆ ਸੀ। ਵਿਆਹ ਵਿੱਚ ਖ਼ਾਸ ਮਹਿਮਾਨਾਂ ਤੋਂ ਬਿਨਾਂ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਸੰਖੇਪ ਗਿਣਤੀ ਵਿੱਚ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।

ਭਗਵੰਤ ਮਾਨ ਦੀ ਜ਼ਿੰਦਗੀ ਵਿੱਚ 7 ਨੰਬਰ ਹਮੇਸ਼ਾ ਖ਼ਾਸ ਰਿਹਾ। ਹਾਲਾਂਕਿ, ਉਨ੍ਹਾਂ ਨੇ ਖੁੱਲ੍ਹ ਕੇ ਕਦੇ ਇਸ ਨੰਬਰ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਜਾਂਦਾ ਹੈ 7 ਨੰਬਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਜੁੜਿਆ ਹੋਇਆ ਹੈ, ਇਸੇ ਲਈ ਉਨ੍ਹਾਂ ਨੇ 7 ਜੁਲਾਈ ਨੂੰ ਹੀ ਆਪਣੇ ਦੂਜੇ ਵਿਆਹ ਦੀ ਤਰੀਕ ਚੁਣੀ ਹੈ।

ਭਗਵੰਤ ਮਾਨ  ਦਾ ਜਨਮ 17 ਅਕਤੂਬਰ 1973 ਵਿੱਚ ਹੋਇਆ, ਇਸ ਵਿੱਚ ਵੀ 7 ਹਿੰਦਸਾ ਦੋ ਵਾਰ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ 17ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਸੀ, ਜਿਸ ਵਿੱਚ ਵੀ 7 ਹਿੰਦਸਾ ਪੈਂਦਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ 16 ਮਾਰਚ ਨੂੰ ਸਹੁੰ ਚੁੱਕੀ ਸੀ, ਇਨ੍ਹਾਂ ਦੋਵਾਂ ਅੰਕਾਂ ਦਾ ਜੋੜ ਵੀ 7 ਹੀ ਬਣਦਾ ਹੈ। ਹੁਣ ਡਾਕਟਰ ਗੁਰਪ੍ਰੀਤ ਕੌਰ ਨਾਲ ਉਨ੍ਹਾਂ ਦਾ ਦੂਜਾ ਵਿਆਹ ਵੀ 7ਵੇਂ ਮਹੀਨੇ ਦੀ 7 ਤਰੀਕ ਨੂੰ ਹੋਇਆ ਹੈ। ਇਹ ਇਕ ਸੰਯੋਗ ਹੋ ਸਕਦਾ ਹੈ ਪਰ 7 ਤਰੀਕ ਕਿਧਰੇ ਨਾ ਕਿਧਰੇ ਉਨ੍ਹਾਂ ਦੀ ਖ਼ਸ਼ੀ ਨਾਲ ਜ਼ਰੂਰ ਜੁੜੀ ਹੋਈ ਲੱਗਦੀ ਹੈ।ਲਾੜੇ ਦੇ ਰੂਪ ਵਿੱਚ ਭਗਵੰਤ ਮਾਨ ਬ੍ਰਾਊਨ ਡਰੈਸ ਵਿੱਚ ਚਹਿਕਦੇ ਨਜ਼ਰ ਆਏ। ਜਦਕਿ ਡਾਕਟਰ ਗੁਰਪ੍ਰੀਤ ਕੌਰ ਨੂੰ ਮੈਰੂਨ ਡਰੈੱਸ ਵਾਹਵਾ ਜੱਚ ਰਹੀ ਸੀ।

Exit mobile version