The Khalas Tv Blog Punjab ‘ਸਾਡੇ CM ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ’
Punjab

‘ਸਾਡੇ CM ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਹਰਿਆਣਾ ਦੀ ਰਹਿਣ ਵਾਲੀ ਡਾ.ਗੁਰਪ੍ਰੀਤ ਕੌਰ ਨੱਤ ਦੇ ਨਾਲ ਹੋ ਗਿਆ ਹੈ। ਮੁੱਖ ਮੰਤਰੀ ਮਾਨ ਦੇ ਵਿਆਹ ਬੰਧਨ ਵਿੱਚ ਬੱਝਣ ਉੱਤੇ ਮਾਨਸਾ ਵਿੱਚ ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਨੇ ਯੂਥ ਵਿੰਗ ਦੀ ਮੀਤ ਪ੍ਰਧਾਨ ਸ਼ਰਨਜੀਤ ਕੌਰ ਦੇ ਘਰ ਇਕੱਠੇ ਹੋ ਕੇ ਗਿੱਧਾ ਪਾਇਆ ਅਤੇ ਨੱਚ ਕੇ, ਬੋਲੀਆਂ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਆਹ ਦੀ ਵਧਾਈ ਦਿੱਤੀ। ਨਾਭਾ ਵਿੱਚ ਵਿਧਾਇਕ ਦੇਵ ਮਾਨ ਨੇ ਵੀ ਮੁੱਖ ਮੰਤਰੀ ਮਾਨ ਦੇ ਵਿਆਹ ਦੀ ਖੁਸ਼ੀ ਵਿੱਚ ਬੋਲੀਆਂ ਪਾਈਆਂ ਅਤੇ ਲੱਡੂ ਵੰਡੇ।

ਲਾੜੇ ਭਗਵੰਤ ਮਾਨ ਦੇ ਪਿਤਾ ਦੀਆਂ ਰਸਮਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ। ਬੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਨੰਦ ਕਾਰਜ ਦੀ ਰਸਮ ਨਿਭਾਈ ਗਈ। ਸੰਸਦ ਮੈਂਬਰ ਰਾਘਵ ਚੱਢਾ ਨੇ ਚਾਵਾਂ ਨਾਲ ਸ਼ਗਨਾਂ ਦੇ ਦਿਨ ਨੂੰ ਰੰਗੀਨ ਬਣਾ ਦਿੱਤਾ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਤੇ ਮਾਂ ਹਰਪਾਲ ਕੌਰ ਦੀ ਚਾਅ ਵਿੱਚ ਧਰਤੀ ਉੱਤੇ ਅੱਡੀ ਨਹੀਂ ਸੀ ਲੱਗ ਰਹੀ।

ਭਗਵੰਤ ਮਾਨ ਅਕਤੂਬਰ ਵਿੱਚ ਆਪਣੀ ਉਮਰ ਦੇ 49 ਵਰ੍ਹੇ ਪੂਰੇ ਕਰ ਲੈਣਗੇ ਜਦਕਿ ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ ਤੋਂ 20 ਸਾਲ ਛੋਟੀ ਦੱਸੀ ਜਾਂਦੀ ਹੈ। ਡਾਕਟਰ ਗੁਰਪ੍ਰੀਤ ਕੌਰ ਜਿਹੜੀ ਕਿ ਪਿਹੋਵਾ ਦੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ, ਨੇ ਐੱਮਬੀਬੀਐੱਸ ਮੌਲਾਣਾ ਮੈਡੀਕਲ ਕਾਲਜ ਪੰਚਕੂਲਾ ਤੋਂ ਕੀਤੀ ਸੀ। ਅੱਜਕੱਲ੍ਹ ਉਹ ਮੁਹਾਲੀ ਦੇ ਫੇਜ਼ ਸੱਤ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਮੁੱਖ ਮੰਤਰੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਤਾਜ਼ੇ ਫੁੱਲਾਂ ਨਾਲ ਸਜਾਇਆ ਗਿਆ ਸੀ। ਵਿਆਹ ਵਿੱਚ ਖ਼ਾਸ ਮਹਿਮਾਨਾਂ ਤੋਂ ਬਿਨਾਂ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਸੰਖੇਪ ਗਿਣਤੀ ਵਿੱਚ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।

Exit mobile version