The Khalas Tv Blog Punjab ਬੱਲੇ ਓਏ ! ਬਾਦਲ ਮਨਪ੍ਰੀਤ ਸਿੰਹਾਂ…
Punjab

ਬੱਲੇ ਓਏ ! ਬਾਦਲ ਮਨਪ੍ਰੀਤ ਸਿੰਹਾਂ…

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਕਹਾਵਤ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਲਈ ਬਣੀ ਤਾਂ ਨਹੀਂ ਹੋਣੀ ਪਰ ਉਸਦੇ ਉੱਤੇ ਢੁੱਕਦੀ ਜ਼ਰੂਰ ਹੈ। ਸਾਦਗੀ ਦਾ ਢੰਡੋਰਾ ਪਿੱਟਣ ਵਾਲੇ ਮਨਪ੍ਰੀਤ ਸਿੰਘ ਦੀ ਸਰਕਾਰੀ ਕੋਠੀ ਵਿੱਚ 27 ਏਸੀ ਚੱਲਦੇ ਹਨ, ਜਿਨ੍ਹਾਂ ਦਾ ਹਰ ਸਾਲ ਸੱਤ ਲੱਖ ਰੁਪਏ ਬਿੱਲ ਭਰਨਾ ਪੈਂਦਾ ਹੈ। ਉਹ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਭਰਿਆ ਜਾਂਦਾ ਹੈ। ਸਰਦੀਆਂ ਨੂੰ 14 ਗੀਜ਼ਰ ਛੱਡੇ ਬਿਨਾਂ ਨਹੀਂ ਸਰਦਾ। ਸਾਦਗੀ ਦੱਸਣ ਲਈ ਉਸਨੇ ਆਪਣੇ ਸਰਕਾਰੀ ਦਫ਼ਤਰ ਵਿੱਚ ਪ੍ਰਾਹੁਣਿਆਂ ਲਈ ਚਾਹ-ਪਾਣੀ ਬਿਲਕੁਲ ਬੰਦ ਕੀਤਾ ਹੋਇਆ ਹੈ। ਗੱਡੀ ਵੀ ਆਪ ਚਲਾਉਂਦੇ ਹਨ।

ਮੁਲਾਜ਼ਮਾਂ ਲਈ ਖ਼ਾਲੀ ਖ਼ਜ਼ਾਨੇ ਦਾ ਢੰਡੋਰਾ ਪਿੱਟਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਰਕਾਰੀ ਕੋਠੀ ਵਿੱਚ 27 ਏਸੀ ਲੱਗੇ ਹੋਏ ਹਨ। ਸਰਦੀਆਂ ਲਈ ਦੋ-ਚਾਰ ਨਹੀਂ, ਸਗੋਂ 14 ਗੀਜ਼ਰ ਲੱਗੇ ਹੋਏ ਹਨ। ਤੁਸੀਂ, ਮੈਂ ਦੀ ਦਲਦਲ ਛੱਡੋ, ਅਧਿਕਾਰੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਪੰਜ-ਛੇ ਕਮਰਿਆਂ ਦੀ ਕੋਠੀ ਵਿੱਚ 27 ਏਸੀ ਅਤੇ 14 ਗੀਜ਼ਰ ਲਟਕਾਏ ਕਿੱਥੇ ਗਏ ਹੋਣਗੇ। ਸਰਕਾਰੀ ਕੋਠੀ ਵਿੱਚ ਛੇ-ਸੱਤ ਤੋਂ ਜ਼ਿਆਦਾ ਤਾਂ ਬਾਥਰੂਮ ਨਹੀਂ ਹਨ। ਇੱਕ-ਦੋ ਰਸੋਈਆਂ ਹਨ। ਖ਼ਜ਼ਾਨਾ ਮੰਤਰੀ ਦੀ ਕੋਠੀ ਵਿੱਚ ਏਸੀ ਅਤੇ ਗੀਜ਼ਰ ਲਗਾਉਣ ਦਾ ਖ਼ਰਚਾ 12 ਲੱਖ ਤੋਂ ਉੱਪਰ ਹੋਇਆ ਹੈ। ਗਰਮ-ਸਰਦ ਰੁੱਤ ਦਾ ਸੱਤ ਲੱਖ ਰੁਪਏ ਦਾ ਬਿੱਲ ਵੱਖਰਾ ਹੈ। ਮਨਪ੍ਰੀਤ ਸਿੰਘ ਖ਼ਜ਼ਾਨਾ ਵਿਭਾਗ ਸੰਭਾਲਣ ਤੋਂ ਲੈ ਕੇ ਲਗਾਤਾਰ ਸਰਕਾਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਲਾਹ ਦਿੰਦੇ ਆ ਰਹੇ ਹਨ ਕਿ ਭਾਈ ! ਸਰਕਾਰ ਦਾ ਬੋਝਾ ਖ਼ਾਲੀ ਹੈ ਅਤੇ ਉਹ ਸੋਚ-ਸੰਭਲ ਕੇ ਚੱਲਣ। ਕਈ ਵਿਭਾਗਾਂ ਨੇ ਵਿੱਤ ਮੰਤਰੀ ਦੀ ਨਸੀਹਤ ‘ਤੇ ਅਮਲ ਵੀ ਕੀਤਾ ਹੈ ਪਰ ਖ਼ੁਦ ਖ਼ਜ਼ਾਨੇ ਨੂੰ ਮਘੋਰਾ ਕੀਤਾ ਹੋਇਆ ਹੈ। ਨਾ-ਜਾਣੇ ਉਨ੍ਹਾਂ ਦਾ ਮਨ ਸ਼ਾਹੀ ਮਹੱਲ ਵਿੱਚ ਰਹਿ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕਿਵੇਂ ਕਰਦਾ ਹੋਵੇਗਾ।

ਵਿੱਤ ਮੰਤਰੀ ਦੀ ਕੋਠੀ ਵਿੱਚ ਚੱਲ ਰਹੇ 27 ਏਸੀ ਅਤੇ 14 ਗੀਜ਼ਰਾਂ ਸਮੇਤ ਪਾਣੀ ਦਾ ਬਿੱਲ ਛੇ ਲੱਖ 79 ਹਜ਼ਾਰ 610 ਰੁਪਏ ਦੇ ਕਰੀਬ ਆ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਆਉਣ ਵਾਲੇ ਪ੍ਰਾਹੁਣਿਆਂ ਨੂੰ ਚਾਹ ਪਿਆਉਣੀ ਬੰਦ ਕੀਤੀ ਹੋਈ ਹੈ। ਗੱਡੀ ਦਾ ਡਰਾਈਵਰ ਖ਼ੁਦ ਬਣ ਕੇ ਉਹ ਸਾਦਗੀ ਦਾ ਭੁਲੇਖਾ ਪਾਉਂਦੇ ਹਨ। ਉਨ੍ਹਾਂ ਦੇ ਆਪਣੇ ਹਲਕੇ ਗਿੱਦੜਬਾਹਾ ਤੋਂ ਸਰਦੀਆਂ ਵਿੱਚ ਥੱਕ-ਟੁੱਟ ਕੇ ਆਉਣ ਵਾਲੇ ਵੋਟਰ ਅਤੇ ਸੁਪੋਰਟਰ ਚਾਹ ਦੇ ਘੁੱਟ ਤੋਂ ਵੀ ਸੱਖਣੇ ਸੁੱਚੇ ਮੂੰਹ ਮੁੜ ਰਹੇ ਹਨ।

ਕਿਹੜੇ ਲੱਗੇ ਹੋਏ ਹਨ ਏਸੀ                                ਕੁੱਲ ਲਾਗਤ

20 ਸਪਲਿਟ ਏਸੀ                                        9 ਲੱਖ ਰੁਪਏ

ਸੱਤ ਵਿੰਡੋ ਏਸੀ                                            2 ਲੱਖ 10 ਹਜ਼ਾਰ ਰੁਪਏ

14 ਗੀਜ਼ਰ                                                90 ਹਜ਼ਾਰ ਪਲੱਸ

ਕੁੱਲ ਲਾਗਤ                                               12 ਲੱਖ ਇੱਕ ਹਜ਼ਾਰ ਰੁਪਏ

*ਬਿਜਲੀ ਪਾਣੀ ਦਾ ਸਾਲਾਨਾ ਬਿੱਲ ਸੱਤ ਲੱਖ ਰੁਪਏ ਦੇ ਕਰੀਬ ਹੈ।

ਸੰਪਰਕ : 9814734035

Exit mobile version