The Khalas Tv Blog International 18 ਦਿਨ ਪਹਿਲਾਂ ਕੈਨੇਡਾ ਗਈ ਪੰਜਾਬੀ ਧੀ ! ਰਾਤ 3 ਵਜੇ ਪਿਤਾ ਨੂੰ ਇੱਕ ਫੋਨ ਆਇਆ,ਹੋਸ਼ ਉੱਡ ! ਡੇਢ ਮਹੀਨੇ ‘ਚ ਚੌਥਾ ਮਾਮਲਾ !
International Punjab

18 ਦਿਨ ਪਹਿਲਾਂ ਕੈਨੇਡਾ ਗਈ ਪੰਜਾਬੀ ਧੀ ! ਰਾਤ 3 ਵਜੇ ਪਿਤਾ ਨੂੰ ਇੱਕ ਫੋਨ ਆਇਆ,ਹੋਸ਼ ਉੱਡ ! ਡੇਢ ਮਹੀਨੇ ‘ਚ ਚੌਥਾ ਮਾਮਲਾ !

ਬਿਉਰੋ ਰਿਪੋਰਟ :  ਭਾਰਤ ਤੋਂ ਨੌਜਵਾਨ ਪੜ੍ਹਨ ਅਤੇ ਰੋਜ਼ਗਾਰ ਦੀ ਤਲਾਸ਼ ਲਈ ਕੈਨੇਡਾ ਜਾਂਦੇ ਹਨ ਅਤੇ ਪੰਜਾਬੀਆਂ ਦੇ ਲਈ ਤਾਂ ਬੀਤੇ ਸਾਲਾ ਦੌਰਾਨ ਇਹ ਸਭ ਤੋਂ ਮਨਪਸੰਦ ਮੁਲਕ ਬਣ ਗਿਆ ਹੈ । ਪਰ ਪਿਛਲੇ ਡੇਢ ਮਹੀਨੇ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ, ਉਹ ਹਰ ਇੱਕ ਮਾਪਿਆਂ ਨੂੰ ਚਿੰਤਾ ਵਿੱਚ ਪਾਉਣ ਵਾਲੀਆਂ ਹਨ । ਤਾਜ਼ਾ ਮਾਮਲੇ ਨਾਲ ਚਿੰਤਾ ਹੋਰ ਵੱਧ ਗਈ ਹੈ । ਟੋਰਾਂਟੋ ਵਿੱਚ 22 ਸਾਲਾ ਮਨਪ੍ਰੀਤ ਕੌਰ ਨੂੰ ਦਿਲ ਦਾ ਦੌਰਾਨ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਉਹ 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਪਰਿਵਾਰ ਦਾ ਸੁਣਕੇ ਬੁਰਾ ਹਾਲ ਹੈ । ਕੈਨੇਡਾ ਵਿੱਚ ਡੇਢ ਮਹੀਨੇ ਦੇ ਅੰਦਰ ਹੁਣ ਤੱਕ ਚੌਥੇ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ।

ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ। ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰ ਦਾ ਫ਼ੋਨ ਆਇਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਧੀ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਮਨਪ੍ਰੀਤ ਨੂੰ ਉਲਟੀ ਹੋਈ ਸੀ ਅਤੇ ਫਿਰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ । ਪਿਤਾ ਮੁਤਾਬਕ ਉਸ ਦੇ ਦੋਸਤਾਂ ਨੇ ਹੀ ਮਨਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਪਰ ਉੱਥੇ ਕੁਝ ਦੇਰ ਬਾਅਦ ਸਾਹ ਰੁਕ ਗਏ ਡਾਕਟਰਾਂ ਨੇ ਉੱਥੇ ਮਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ । ਘਰ ਵਾਲਿਆਂ ਦੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਮਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕਰਨ।

ਡੇਢ ਮਹੀਨੇ ਅੰਦਰ ਚੌਥੀ ਮੌਤ

22 ਸਾਲਾ ਮਨਪ੍ਰੀਤ ਕੌਰ ਤੋਂ ਪਹਿਲਾਂ ਪਿਛਲੇ ਮਹੀਨੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ । 26 ਜੁਲਾਈ ਨੂੰ ਭਦੌੜ ਦੇ ਪਿੰਡ ਸੰਧੂ ਕਲਾਂ ਦੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਆਈ ਸੀ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ । ਜਗਜੀਤ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । 4 ਮਹੀਨ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ ।

20 ਜੁਲਾਈ ਨੂੰ ਗੁਰਦਾਸਪੁਰ ਦੇ ਰਜਤ ਮਹਿਰਾ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ । ਰਜਤ 21 ਦਿਨ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਿਆ ਸੀ । ਉਸ ਦੀ ਮੌਤ ਦੇ ਪਿੱਛੇ ਵੀ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਗਿਆ ਸੀ । ਰਜਤ ਮਹਿਰਾ ਦੇ ਵੱਡੇ ਭਰਾ ਅਤੁੱਲ ਮਹਿਰਾ ਅਤੇ ਪਿਤਾ ਅਸ਼ਵਨੀ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ MBA ਦੀ ਪੜਾਈ ਕਰਨ ਦੇ ਲਈ ਕੈਨੇਡਾ ਗਿਆ ਸੀ ।

ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਘਰ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ ।

ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ

ਡੇਢ ਮਹੀਨੇ ਦੇ ਅੰਦਰ ਦਿਲ ਦਾ ਦੌਰਾ ਪੈਣ ਨਾਲ ਇਹ ਉਨ੍ਹਾਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹਨ ਜੋ ਸਾਹਮਣੇ ਆਇਆ ਹਨ । ਇਹ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਇਸ ਦੀ ਤੈਅ ਤੱਕ ਜਾਣਾ ਹੈ ਇਸੇ ਦੇ ਪਿੱਛੇ ਕਾਰਨ ਕੀ ਹੋ ਸਕਦੇ ਹਨ ? ਸਭ ਤੋਂ ਪਹਿਲਾਂ ਕੈਨੇਡਾ ਗਏ ਨੌਜਵਾਨ ‘ਤੇ ਨਵੇਂ ਮੁਲਕ ਪਹੁੰਚ ਕੇ ਵੱਡੀ ਚੁਨੌਤੀ ਹੁੰਦੀ ਹੈ ਉੱਥੇ ਦੇ ਵਾਤਾਵਰਣ ਨੂੰ ਆਪਣੇ ਸਰੀਰ ਦੇ ਨਾਲ ਢਾਲਣਾ । ਕੈਨੇਡਾ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ 12 ਮਹੀਨੇ ਠੰਢ ਹੁੰਦੀ ਹੈ ਅਤੇ ਤਾਪਮਾਨ – 20 ਤੱਕ ਜਾਂਦਾ ਹੈ । ਇਹ ਵੀ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਹੋ ਸਕਦਾ ਹੈ । ਇਸ ਤੋਂ ਇਲਾਵਾ ਪੜਾਈ ਦਾ ਪ੍ਰੈਸ਼ਰ ਉਸ ਦੇ ਨਾਲ ਕੰਮ ਦੀ ਤਲਾਸ਼ ਕਰਨੀ,ਦੋਵਾਂ ਨੂੰ ਬੈਲੰਸ ਕਰਨਾ ।

ਕਈ ਵਿਦਿਆਰਥੀ ਫ਼ੀਸ ਭਰਨ ਦੇ ਲਈ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਘਰ ਵਾਲਿਆਂ ‘ਤੇ ਫ਼ੀਸ ਭਰਨ ਦਾ ਦਬਾਅ ਘੱਟ ਹੋਵੇ। ਕੈਨੇਡਾ ਵਿੱਚ ਵਿਦਿਆਰਥੀਆਂ ਦੀ ਵੱਧ ਰਹੀ ਦਿਲਚਸਪੀ ਦੀ ਵਜ੍ਹਾ ਕਰਕੇ ਘਰ ਦਾ ਕਿਰਾਇਆ ਬਹੁਤ ਜ਼ਿਆਦਾ ਹੋ ਗਿਆ ਹੈ। ਕੁਝ ਲੋਕਾਂ ਨੇ ਬੇਸਮੈਂਟ ਵਿੱਚ ਪੰਜਾਬ ਵਿਦਿਆਰਥੀਆਂ ਨੂੰ ਮਕਾਨ ਦਿੱਤੇ ਹਨ । ਉੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਪਰ ਸਸਤੇ ਮਕਾਨ ਦੇ ਚੱਕਰ ਵਿੱਚ ਇੱਕ-ਇੱਕ ਕਮਰੇ ਵਿੱਚ ਕਈ ਵਿਦਿਆਰਥੀ ਰਹਿਣ ਨੂੰ ਮਜਬੂਰ ਹਨ । ਇਸ ਦਾ ਅਸਰ ਵੀ ਸਿਹਤ ‘ਤੇ ਬਹੁਤ ਹੀ ਮਾੜਾ ਹੁੰਦਾ ਹੈ ।

ਇੱਕ ਦਮ ਘਰ ਤੋਂ ਦੂਰ ਹੋਣਾ ਅਤੇ ਆਲ਼ੇ ਦੁਆਲੇ ਕਿਸੇ ਆਪਣੇ ਦਾ ਨਾ ਹੋਣਾ ਵੱਡੇ ਡਿਪਰੈਸ਼ਨ ਦਾ ਕਾਰਨ ਹੈ,ਅੰਦਰ ਹੀ ਅੰਦਰ ਕੁਝ ਵਿਦਿਆਰਥੀ ਘੁਟਨ ਮਹਿਸੂਸ ਕਰਦੇ ਹਨ ਕਿਧਰੇ ਨਾ ਕਿਧਰੇ ਇਹ ਵੀ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਹੋ ਸਕਦਾ ਹੈ । ਕੈਨੇਡਾ ਵਿੱਚ ਇਸ ਵਕਤ ਨੌਕਰੀਆਂ ਨੂੰ ਲੈ ਕੇ ਰੀਸੈਸ਼ਨ ਵਰਗਾ ਮਾਹੌਲ ਹੈ। ਕਈ ਵਿਦਿਆਰਥੀ ਇਸ ਉਮੀਦ ਨਾਲ ਕੈਨੇਡਾ ਆਏ ਸਨ ਕਿ ਉਹ ਪੜਾਈ ਦੇ ਨਾਲ ਕੰਮ ਕਰਨਗੇ ਪਰ ਨੌਕਰੀ ਦੀ ਇੱਕ ਦਮ ਕਮੀ ਨੇ ਉਨ੍ਹਾਂ ਦੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਇਸ ਨੇ ਵੀ ਵਿਦਿਆਰਥੀਆਂ ਦੀ ਚਿੰਤਾ ਵਧਾਈ ਹੈ । ਸਭ ਤੋਂ ਵੱਡਾ ਕਾਰਨ ਤਾਂ ਕੈਨੇਡਾ ਦਾ ਮੈਡੀਕਲ ਸਿਸਟਮ ਹੈ । ਜਿੱਥੇ ਤੁਹਾਨੂੰ ਇਲਾਜ ਦੇ ਲਈ ਲੰਮਾ-ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ । ਕਈ ਵਾਰ ਦਾ ਇਹ ਇੰਤਜ਼ਾਰ ਮਹੀਨਿਆਂ ਤੱਕ ਪਹੁੰਚ ਜਾਂਦਾ ਹੈ। ਜੇਕਰ ਤੁਹਾਡੇ ਕੋਲ PR ਨਹੀਂ ਹੈ ਤਾਂ ਇਹ ਤੁਹਾਡੇ ਲਈ ਕਿਸੇ ਡਰਾਉਣ ਵਾਲੇ ਸੁਪਨੇ ਤੋਂ ਘੱਟ ਨਹੀਂ ਹੈ ।

ਕੀ ਹੁੰਦਾ ਹੈ sudden Cardiac Arrest ?

ਡਾ: ਵਨੀਤਾ ਅਰੋੜਾ ਦਾ ਕਹਿਣਾ ਹੈ ਕਿ ਅਚਾਨਕ ਕਾਰਡੀਅਕ ਅਰੇਸਟ ਦੌਰਾਨ ਵਿਅਕਤੀ ਦਾ ਦਿਲ, ਖ਼ੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ ਅਤੇ ਦਿਲ ਸਟੈਂਡ ਸਟਿਲ ਸਥਿਤੀ ਵਿੱਚ ਚਲਾ ਜਾਂਦਾ ਹੈ। ਇਸ ਕਾਰਨ ਦਿਮਾਗ਼ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਖ਼ੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਵਿਅਕਤੀ ਅਚਾਨਕ ਬੇਹੋਸ਼ ਹੋ ਜਾਂਦਾ ਹੈ। ਇਸ ਦੌਰਾਨ ਦਿਲ ਦੀ ਧੜਕਣ ਅਸਧਾਰਨ ਹੋ ਜਾਂਦੀ ਹੈ। ਸਾਧਾਰਨ ਦਿਲ ਦੀ ਧੜਕਣ 60-90 bpm ਹੁੰਦੀ ਹੈ, ਜੋ ਕਿ ਦਿਲ ਦੇ ਦੌਰੇ ਵਿੱਚ 250-350 bpm ਤੱਕ ਜਾਂਦੀ ਹੈ।

ਜੇਕਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੁਝ ਮਿੰਟਾਂ ਦੇ ਅੰਦਰ ਇਲਾਜ ਨਹੀਂ ਮਿਲਦਾ, ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਅਜਿਹੇ ‘ਚ ਜ਼ਿਆਦਾਤਰ ਲੋਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਜਾਨ ਗੁਆ ​​ਲੈਂਦੇ ਹਨ।

ਸਭ ਤੋਂ ਵੱਡਾ ਕਾਰਨ ਖ਼ਰਾਬ ਜੀਵਨ ਸ਼ੈਲੀ

ਕਾਰਡੀਓਲੋਜਿਸਟ ਡਾ: ਵਨੀਤਾ ਅਰੋੜਾ ਅਨੁਸਾਰ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ, ਜ਼ਿਆਦਾ ਤਣਾਅ ਅਤੇ ਸਿਗਰਟਨੋਸ਼ੀ ਹੈ।

ਕਲੋਟ ਬਣਨ ਦੇ ਮਾਮਲੇ ਵਧੇ

ਕੋਵਿਡ -19 ਤੋਂ ਬਾਅਦ, ਲੋਕਾਂ ਦੀਆਂ ਕੋਰੋਨਰੀ ਆਰਟਰੀਜ (Coronary Arteries) ਵਿੱਚ ਕਲੋਟ ਬਣਨ ਦੇ ਮਾਮਲੇ ਵੱਧ ਗਏ ਹਨ, ਜਿਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਅੱਜ ਦੇ ਯੁੱਗ ਵਿੱਚ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਨ੍ਹਾਂ ਦੇ ਦਿਲ ਦੀ ਸਿਹਤ ਬਹੁਤ ਖ਼ਰਾਬ ਹੋ ਜਾਂਦੀ ਹੈ।

ਤਣਾਅ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ

ਦਿਲ ਦੇ ਮਾਹਿਰਾਂ ਅਨੁਸਾਰ ਅੱਜ ਦੇ ਦੌਰ ਵਿੱਚ ਤਣਾਅ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਬਣ ਰਿਹਾ ਹੈ। ਜੇਕਰ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗਾ। ਜ਼ਿਆਦਾ ਤਣਾਅ ਦੇ ਕਾਰਨ ਸਰੀਰ ਵਿੱਚ ਕੁਝ ਹਾਰਮੋਨ ਨਿਕਲਦੇ ਹਨ, ਜੋ ਸਾਡੇ ਦਿਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤਣਾਅ ਦੇ ਕਾਰਨ, ਖ਼ੂਨ ਦੀ ਸਪਲਾਈ ਕਰਨ ਵਾਲੀਆਂ ਆਰਟਰੀਜ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦਿਲ ਦਾ ਇਲੈਕਟ੍ਰੀਕਲ ਨੈੱਟਵਰਕ ਸ਼ਾਰਟ ਸਰਕਟ ਹੋ ਜਾਂਦਾ ਹੈ। ਅਜਿਹੇ ‘ਚ ਹਰ ਕਿਸੇ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕੇ।

-ਦਿਲ ਨੂੰ ਇਸ ਤਰ੍ਹਾਂ ਤੰਦਰੁਸਤ ਰੱਖੋ
-ਸਿਹਤਮੰਦ ਜੀਵਨ ਸ਼ੈਲੀ ਅਪਣਾਓ
– ਹਰ ਰੋਜ਼ ਕਸਰਤ ਕਰੋ
-ਸਿਹਤਮੰਦ ਖ਼ੁਰਾਕ ਲੈਣੀ ਚਾਹੀਦੀ ਹੈ
– ਸਿਗਰਟਨੋਸ਼ੀ ਤੋਂ ਤੁਰੰਤ ਪਰਹੇਜ਼ ਕਰੋ
-ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਸਰਗਰਮ ਰੱਖੋ
-ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਓ
– ਆਪਣੇ ਭਾਰ ‘ਤੇ ਕਾਬੂ ਰੱਖੋ
-ਸ਼ੂਗਰ, ਬੀਪੀ, ਕੋਲੈਸਟ੍ਰੋਲ ਨੂੰ ਕੰਟਰੋਲ ਕਰੋ
-ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਤੁਰੰਤ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ।

Exit mobile version