‘ਦ ਖ਼ਾਲਸ ਬਿਊਰੋ : ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ 15 ਅਗਸਤ ਨੂੰ ਘਰਾਂ ‘ਤੇ ਤਿਰੰਗਾ ਦੀ ਥਾਂ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਅਪੀਲ ਦੁਹਰਾਈ ਹੈ। ਉਨ੍ਹਾਂ ਨੇ ਸਿੱਖਾਂ ਦੇ ਨਾ ਟਵਿੱਟਰ ਉੱਤੇ ਜਾਰੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਸਿੱਖ ਕੌਮ ਦਾ ਝੰਡਾ ਹਮੇਸ਼ਾਂ ਝੂਲਦਾ ਰਹਿਣਾ ਚਾਹੀਦਾ ਹੈ। ਜਿਹੜੀ ਕਿ ਇੱਕ ਰੀਤ ਹੈ।
ਉਨ੍ਹਾਂ ਨੇ ਟਵਿੱਟਰ ‘ਤੇ ਜਾਰੀ ਵੀਡੀਓ ਵਿੱਚ ਕਿਹਾ ਹੈ ਕਿ ਜਦੋਂ ਵੀ ਸਿੱਖ ਫੌਜਾਂ ਮਾਰਚ ਕਰਦੀਆਂ ਹਨ ਤਾਂ ਉਨ੍ਹਾਂ ਦੇ ਅੱਗੇ ਇੱਕ ਫੌਜੀ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਅਤੇ ਉਸ ਪਿਛੋਂ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਤੇ ਫਿਰ ਫੌਜ।
ਮਾਨ ਨੇ ਕਿਹਾ ਕਿ ਤੁਸੀ ਵੇਖੋਗੇ ਕਿ ਦੁਨੀਆ ਭਰ ਵਿੱਚ ਨਿਸ਼ਾਨ ਸਾਹਿਬ ਝੂਲਦਾ ਹੈ, ਭਾਵੇਂ ਕਿ ਕਈ ਸਰਕਾਰਾਂ ਕਹਿੰਦੀਆਂ ਹਨ ਕਿ ਇੱਕ ਮੁਲਕ ‘ਚ ਇੱਕ ਝੰਡਾ ਹੋਣਾ ਚਾਹੀਦਾ ਹੈ। ਇਸ ਲਈ 14 ਤੇ 15 ਅਗਸਤ ਨੂੰ ਆਪਣੇ ਘਰਾਂ ‘ਤੇ ਕੇਸਰੀ ਝੰਡਾ ਨਿਸ਼ਾਨ ਸਾਹਿਬ ਝੁਲਾਉਣਾ ਹੈ ਅਤੇ ਇਨ੍ਹਾਂ ਨੂੰ ਸਲਾਮੀ ਦੇਣੀ ਹੈ।
ਇਸ ਤੋਂ ਪਹਿਲਾਂ ਵੀ 15 ਅਗਸਤ ਨੂੰ ਘਰ ਘਰ ਤਿਰੰਗਾ ਮੁਹਿੰਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ‘ਤੇ ਤਿਰੰਗਾ ਝੰਡਾ ਲਾਉਣ ਦੀ ਥਾਂ ਕੇਸਰੀ ਰੰਗ ਦੇ ਝੰਡੇ ਲਗਾਉਣ ਦੀ ਅਪੀਲ ਕੀਤੀ ਸੀ। ਮਾਨ ਨੇ ਕਿਹਾ ਸੀ ਕਿ ਕੇਸਰੀ ਝੰਡਾ ਲਾ ਕੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰਖਣਾ ਚਾਹੀਦਾ ਹੈ। ਤਿਰੰਗੇ ਲਹਿਰਾ ਕੇ ਸਾਨੂੰ ਉਲਝਾ ਕੇ ਸਾਡੀ ਵੱਖਰੀ ਸੋਚ, ਪਛਾਣ ਤੇ ਆਜ਼ਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੂਜੇ ਬੰਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਉਨ੍ਹਾਂ ‘ ਨੂੰ ਜਵਾਬ ਦਿੱਤਾ ਸੀ। ਮਾਨ ਨੇ ਕਿਹਾ ਸੀ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਵਲੋਂ ਸੰਵਿਧਾਨ ਦੀ ਸਹੁੰ ਖਾਣ ਤੋਂ ਬਾਅਦ ਤਿਰੰਗੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਇਨਾਂ ਦੁਕਾਨਾਂ ਨੂੰ ਬੰਦ ਕਰਾਂਗੇ। ਮਾਨ ਨੇ ਕਿਹਾ ਕਿ ਇਹ ਦੇਸ਼ ਸਾਨੂੰ ਸ਼ਹੀਦਾਂ ਅਤੇ ਪੁਰਖਿਆਂ ਨੇ ਦਿੱਤਾ ਹੈ। ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ।