ਬਿਊਰੋ : ਪੰਜਾਬ ਵਿੱਚ ਆਨੰਦ ਮੈਰਿਜ ਐਕਟ ਐਕਟ ਵਿੱਚ ਸੋਧ ਕਰਨ ਦੀ ਤਿਆਰੀ ਹੋ ਰਹੀ ਹੈ । ਜਾਣਕਾਰੀ ਮੁਤਾਬਿਕ ਮਾਨ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ । ਨਵੇਂ ਨਿਯਮਾਂ ਦੇ ਜ਼ਰੀਏ ਵਿਆਹ ਤੋਂ ਬਾਅਦ ਰਜਿਸਟ੍ਰੇਸ਼ਨ ਦੌਰਾਨ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਤੀ-ਪਤਨੀ ਨੂੰ ਆਨੰਦ ਮੈਰਿਜ ਐਕਟ ਅਧੀਨ ਵਿਆਹ ਦੇ ਰਜਿਸਟ੍ਰੇਸ਼ਨ ਦੇ ਲਈ 3 ਬਦਲ ਦਿੱਤੇ ਜਾਣਗੇ ਜਿਸ ਦੇ ਜ਼ਰੀਏ ਉਹ ਅਸਾਨੀ ਨਾਲ ਵਿਆਹ ਦਾ ਰਜਿਸਟ੍ਰੇਸ਼ਨ ਕਰਵਾ ਸਕਣਗੇ ।
ਪੰਜਾਬ ਵਿੱਚ ਅਕਾਲੀ-ਬੀਜੇਪੀ ਸਰਕਾਰ ਵੇਲੇ 2016 ਤੋਂ ਆਨੰਦ ਮੈਰਿਜ ਐਕਟ ਲਾਗੂ ਕੀਤਾ ਗਿਆ ਸੀ । ਪਰ ਸਹੀ ਤਰ੍ਹਾਂ ਨਾਲ ਇਸ ਨੂੰ ਜ਼ਮੀਨੀ ਪੱਧਰ ‘ਤੇ ਨਹੀਂ ਲਾਗੂ ਕੀਤਾ ਗਿਆ ਸੀ । ਉਸ ਤੋਂ ਬਾਅਦ ਕੈਪਟਨ ਅਤੇ ਚੰਨੀ ਸਰਕਾਰ ਨੇ ਵੀ ਇਸ ‘ਤੇ ਕੁਝ ਖ਼ਾਸ ਧਿਆਨ ਨਹੀਂ ਦਿੱਤਾ ਸੀ । ਪਰ ਹੁਣ ਮਾਨ ਸਰਕਾਰ ਵੱਲੋਂ ਇਸ ਵਿੱਚ ਸੋਧ ਕਰਕੇ ਆਨੰਦ ਮੈਰਿਜ ਐਕਟ ਅਧੀਨ ਰਜਿਸਟ੍ਰੇਸ਼ਨ ਨੂੰ ਹੋਰ ਅਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਆਨੰਦ ਮੈਰਿਜ ਐਕਟ ਵਿੱਚ ਸੋਧ ਤੋਂ ਬਾਅਦ ਲਾੜਾ ਅਤੇ ਲਾੜੀ ਕੋਲ ਵਿਆਹ ਦੇ ਰਜਿਸਟ੍ਰੇਸ਼ਨ ਦੇ ਲਈ ਤਿੰਨ ਆਪਸ਼ਨ ਹੋਣਗੇ । ਲਾੜਾ ਜਾਂ ਲਾੜੀ ਦੋਵਾਂ ਵਿੱਚੋ ਕੋਈ ਵੀ ਇਕ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਆਨੰਦ ਮੈਰਿਜ ਐਕਟ ਅਧੀਨ ਵਿਆਹ ਦਾ ਰਜਿਸਟ੍ਰੇਸ਼ਨ ਕਰਵਾ ਸਕੇਗਾ । ਇਸ ਤੋਂ ਇਲਾਵਾ ਜੇਕਰ ਵਿਆਹ ਕਿਸੇ ਹੋਰ ਥਾਂ ‘ਤੇ ਹੁੰਦਾ ਹੈ ਤਾਂ ਉੱਥੇ ਵੀ ਵਿਆਹ ਦਾ ਰਜਿਸਟਰੇਸ਼ੇਨ ਹੋ ਸਕੇਗਾ ।
ਪਹਿਲਾਂ ਸਿੱਖਾਂ ਦੇ ਵਿਆਹ ਦਾ ਰਜਿਸਟ੍ਰੇਸ਼ਨ ਵੀ ਹਿੰਦੂ ਮੈਰਿਜ ਐਕਟ ਅਧੀਨ ਹੁੰਦਾ ਸੀ । ਵਿਦੇਸ਼ ਜਾਣ ਵਾਲੇ ਪਤੀ-ਪਤਨੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਦੇਸ਼ ਜਾ ਕੇ ਇਹ ਸਾਬਿਤ ਕਰਨਾ ਮੁਸ਼ਕਿਲ ਹੋ ਜਾਂਦਾ ਸੀ ਕਿ ਉਹ ਹਿੰਦੂ ਹਨ ਜਾਂ ਫਿਰ ਸਿੱਖ, ਇਸ ਤੋਂ ਬਾਅਦ ਪੰਜਾਬ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋਇਆ ਸੀ । ਪਰ ਰਜਿਸਟ੍ਰੇਸ਼ਨ ਨੂੰ ਲੈਕੇ ਆ ਰਹੀਆਂ ਪਰੇਸ਼ਾਨੀਆਂ ਦੀ ਵਜ੍ਹਾ ਕਰਕੇ 6 ਸਾਲਾਂ ਵਿੱਚ ਸਿਰਫ਼ 7 ਹਜ਼ਾਰ ਦੀ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟ੍ਰੇਸ਼ਨ ਹੋ ਸਕੇ । ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਵਿਆਹ ਦਾ ਰਜਿਸਟ੍ਰੇਸ਼ਨ ਸਿਰਫ਼ ਉੱਥੇ ਹੀ ਕੀਤਾ ਜਾਂਦਾ ਸੀ ਜਿੱਥੇ ਵਿਆਹ ਹੋਏ । ਪਰ ਹੁਣ ਸਰਕਾਰ ਨੇ ਇਸ ਨਿਯਮ ਨੂੰ ਬਦਲਣ ਜਾ ਰਹੀ ਹੈ । ਹੁਣ ਲਾੜਾ ਅਤੇ ਲਾੜੀ ਦੋਵਾਂ ਵਿੱਚੋਂ ਇਕ ਆਪਣੇ ਜਦੀ ਪਿੰਡ ਜਾਂ ਫਿਰ ਸ਼ਹਿਰ ਵਿੱਚ ਵਿਆਹ ਦਾ ਰਜਿਸਟ੍ਰੇਸ਼ਨ ਕਰਵਾ ਸਕੇਗਾ ।