‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ( Former Chief Minister Charanjit Singh Channi ) ਵਿਜੀਲੈਂਸ ( Punjab Vigilance Bureau, ) ਦੇ ਰਡਾਰ ‘ਤੇ ਹਨ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ’ਤੇ ਜਾਣ ਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਖਾਤੇ ਫਰੋਲ ਰਹੀ ਹੈ ਤੇ ਉਹਨਾਂ ਦੀ ਜਾਇਦਾਦ ਦੀ ਪੜਚੋਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰੀ ਹੋਈ ਹੈ ਤੇ ਉਹਨਾਂ ਨੂੰ ਜੇਲ੍ਹ ਅੰਦਰ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਉਹ 3 ਮਹੀਨੇ ਹੀ ਮੁੱਖ ਮੰਤਰੀ ਰਹੇਹਨ ਤੇ ਸਿਰਫ 3 ਮਹੀਨਿਆਂ ਦਾ ਕਾਰਜਕਾਲ ਹੀ ਵਿਵਾਦਾਂ ਵਿਚ ਘੇਰਿਆ ਜਾ ਰਿਹਾ ਹੈ। ਉਨ੍ਹਾਂ ਨੇ 3 ਮਹੀਨਿਆਂ ਵਿਚ 60 ਲੱਖ ਰੁਪਏ ਖਾਣੇ ’ਤੇ ਖਰਚ ਕਰਨ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਉਹ ਨਾ ਤਾਂ ਮੀਟ ਖਾਂਦੇ ਹਨ ਤੇ ਨਾ ਹੀ ਸ਼ਰਾਬ ਪੀਂਦੇ ਹਨ ਤਾਂ ਫਿਰ ਇਹ ਖਰਚਾ ਕਿਵੇਂ ਹੋ ਸਕਦਾ ਹੈ।
ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਚਮਕੌਰ ਸਾਹਿਬ ਵਿਖੇ 19 ਨਵੰਬਰ 2021 ਨੂੰ ਉਦਘਾਟਨ ਕੀਤੇ ਗਏ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦੇ ਉਦਘਾਟਨੀ ਸਮਾਰੋਹ ਦੇ ਪ੍ਰਬੰਧਾਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਦੋਸ਼ ਲਾਇਆ ਗਿਆ ਹੈ ਕਿ ਇਹ ਭ੍ਰਿਸ਼ਟਾਚਾਰ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਦੇ ਖਰਚੇ ਨੂੰ ਐਡਜਸਟ ਕਰਨ ਲਈ ਕੀਤਾ ਗਿਆ ਸੀ।
ਬਠਿੰਡਾ ਦੇ ਪਿੰਡ ਭਾਗੂ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇਸ ਉਦਘਾਟਨੀ ਸਮਾਰੋਹ ’ਤੇ 1 ਕਰੋੜ 47 ਲੱਖ ਰੁਪਏ ਖਰਚ ਕੀਤੇ ਗਏ, ਜੋ ਕਿ ਮਾਰਕੀਟ ਰੇਟ ਤੋਂ ਵੱਧ ਹਨ। ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਪਹੁੰਚ ਗਈ ਹੈ ਅਤੇ ਏਆਈਜੀ ਪੱਧਰ ਦਾ ਅਧਿਕਾਰੀ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਕਰ ਰਿਹਾ ਹੈ।
17 ਏਕੜ ਵਿੱਚ ਫੈਲੇ ਇਸ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਨੂੰ ਬਣਾਉਣ ਵਿੱਚ 10 ਸਾਲ ਲੱਗੇ ਅਤੇ ਲਗਭਗ 55 ਕਰੋੜ ਰੁਪਏ ਦੀ ਲਾਗਤ ਆਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਚਾਹ-ਖਾਣ ਜਾਂ ਟੈਂਟ ਆਦਿ ਦਾ ਜੋ ਵੀ ਪ੍ਰਬੰਧ ਕੀਤਾ ਗਿਆ ਹੈ, ਉਹ ਮਾਰਕੀਟ ਰੇਟ ਤੋਂ ਵੱਧ ਭਾਅ ‘ਤੇ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਲਗਾਉਣ ਦਾ ਠੇਕਾ ਅਲਾਟ ਕਰਦੇ ਸਮੇਂ ਵੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਕਿਉਂਕਿ ਇੱਕ ਹੀ ਦਿਨ ਵਿੱਚ ਟੈਂਡਰ ਪ੍ਰਕਾਸ਼ਿਤ ਕਰਕੇ ਸਿੰਗਲ ਬਿਲਡਰ ਪਾਰਟੀ ਨੂੰ ਇੱਕ ਹੀ ਦਿਨ ਵਿੱਚ ਟੈਂਡਰ ਅਲਾਟ ਕਰ ਦਿੱਤਾ ਗਿਆ ਸੀ।