‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 117 ਹਲਕਿਆਂ ਵਿੱਚ ਸਮਾਰਟ ਸਕੂਲ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਆਪ ਸਰਕਾਰ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦਾ ਸਿੱਖਿਆ ਮਾਡਲ ਵੀ ਦੇਸ਼ ‘ਚ ਮਿਸਾਲੀ ਬਣੇਗਾ।
ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਹਾਲੇ ਤੱਕ 100 ਖੇਤਰਾਂ ਦੀ ਪਛਾਣ ਕਰ ਚੁੱਕਾ ਹੈ। ਬਜਟ ਤੱਕ 117 ਵਿਧਾਨ ਸਭਾ ਹਲਕਿਆਂ ਵਿੱਚ ਸਮਾਰਟ ਸਕੂਲ ਖੋਲਣ ਲਈ ਜਗ੍ਹਾ ਵੇਖੀ ਜਾ ਰਹੀ ਹੈ। ਇਸ ਤੋਂ ਬਾਅਦ ਸੂਬੇ ਵਿੱਚ ਇਸ ਤਰ੍ਹਾਂ ਦੇ ਸਮਾਰਟ ਸਕੂਲਾਂ ਦੀ ਗਿਣਤੀ ਵਧਾਈ ਜਾਵੇਗੀ ਜਿਨ੍ਹਾਂ ਵਿੱਚ ਸਮਾਰਟ ਕਲਾਸਰੂਮ ਹੋਣਗੇ। ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਸਕੂਲਾਂ ਵਿੱਚ ਪੜਾਈ ਦਾ ਪੱਧਰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਕਰਨ ਦਾ ਯਤਨ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਇਸੇ ਸਾਲ ਵਿੱਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਪ੍ਰਜੈਕਟ ਤਹਿਤ ਕਈ ਜਗ੍ਹਾ ਉੱਤੇ ਸਕੂਲਾਂ ਨੂੰ ਬੁਨਿਆਦੀ ਢਾਂਚੇ ਦੇ ਨਾਲ ਹੀ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇਸ ਸਬੰਧੀ ਇੱਕ ਟੀਮ ਦੇ ਨਾਲ ਕੰਮ ਸ਼ੁਰੂ ਕਰ ਚੁੱਕੇ ਹਨ। ਮੀਤ ਹੇਅਰ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਜਲਦਬਾਜ਼ੀ ਵਿੱਚ ਲਿਆਉਣ ਦੀ ਬਜਾਏ ਸਰਕਾਰ ਪੂਰੀ ਯੋਜਨਾ ਬਣਾ ਕੇ ਸ਼ੁਰੂ ਕਰਨਾ ਚਾਹੁੰਦੀ ਹੈ। ਇਸ ਪ੍ਰੋਜੈਕਟ ਲਈ ਸਭ ਤੋਂ ਪਹਿਲਾਂ ਫੰਡ ਚਾਹੀਦਾ ਹੈ ਅਤੇ ਉਸਦੇ ਲਈ ਬਜਟ ਵਿੱਚ ਵਿਵਸਥਾ ਕੀਤੀ ਜਾ ਰਹੀ ਹੈ। ਅਗਲੇ ਮਹੀਨੇ ਬਜਟ ਵਿੱਚ ਇਸ ਸਬੰਧੀ ਇੱਕ ਤੈਅ ਰਕਮ ਅਲਾਟ ਕਰਕੇ ਆਪ ਸਰਕਾਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੇਗੀ।
ਸਮਾਰਟ ਕਲਾਸਰੂਮ ਵਿੱਚ ਡਿਜ਼ੀਟਲ ਬੋਰਡ, ਨਵੀਆਂ ਲੈਬਾਂ, ਬਿਹਤਰ ਅਤੇ ਆਧੁਨਿਕ ਲਾਇਬ੍ਰੇਰੀ, ਪੂਰੀ ਤਰ੍ਹਾਂ ਸਿੱਖਿਅਤ ਅਧਿਆਪਕ ਹੋਣਗੇ। ਸਕੂਲ ਵਿੱਚ ਇਨਡੋਰ ਅਤੇ ਆਊਟਡੋਰ ਖੇਡਾਂ ਦਾ ਵੀ ਪ੍ਰਬੰਧ ਹੋਵੇਗਾ। ਸਾਫ਼-ਸੁਥਰੇ ਕਲਾਸਰੂਮ ਅਤੇ ਕਈ ਹੋਰ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਲਈ ਵਿਸ਼ੇਸ਼ ਇਨਫਰਾਸਟਰਕਚਰ ਅਤੇ ਸੁਵਿਧਾਵਾਂ ਹੋਣਗੀਆਂ ਤਾਂ ਜੋ ਉਹ ਵੀ ਬਿਹਤਰ ਢੰਗ ਨਾਲ ਆਪਣੀ ਪੜਾਈ ਪੂਰੀ ਕਰ ਸਕਣ।