The Khalas Tv Blog India ਮਾਨ ਵੱਲੋਂ ਦਿੱਲੀ ਏਅਰਪੋਰਟ ’ਤੇ ਐਡਵੋਕੇਟ ਜੀਵਨ ਸਿੰਘ ਦੇ ਅਪਮਾਨ ਦੀ ਨਿੰਦਾ, ਉੱਚ ਪੱਧਰੀ ਜਾਂਚ ਦੀ ਮੰਗ
India Punjab Religion

ਮਾਨ ਵੱਲੋਂ ਦਿੱਲੀ ਏਅਰਪੋਰਟ ’ਤੇ ਐਡਵੋਕੇਟ ਜੀਵਨ ਸਿੰਘ ਦੇ ਅਪਮਾਨ ਦੀ ਨਿੰਦਾ, ਉੱਚ ਪੱਧਰੀ ਜਾਂਚ ਦੀ ਮੰਗ

ਬਿਊਰੋ ਰਿਪੋਰਟ (ਫ਼ਤਹਿਗੜ੍ਹ ਸਾਹਿਬ, 24 ਸਤੰਬਰ 2025): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਐਡਵੋਕੇਟ ਜੀਵਨ ਸਿੰਘ ਨਾਲ ਦਿੱਲੀ ਏਅਰਪੋਰਟ ਦੇ ਅਧਿਕਾਰੀਆ ਵੱਲੋ ਏਅਰਪੋਰਟ ਦੇ ਨਿਯਮਾਂ ਦਾ ਉਲੰਘਣ ਕਰਕੇ ਉਨ੍ਹਾਂ ਦੇ ਕੀਤੇ ਗਏ ਅਪਮਾਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਿੱਖ ਧਰਮ ਤੇ ਸਿੱਖੀ ਨੂੰ ਠੇਸ ਪਹੁੰਚਾਉਣ ਵਾਲੇ ਕੱਟੜਵਾਦੀ ਅਧਿਕਾਰੀਆ ਵਿਰੁੱਧ ਸੀਮਤ ਸਮੇਂ ਵਿੱਚ ਕਾਨੂੰਨੀ ਅਮਲ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ, “ਤਾਮਿਲਨਾਡੂ ਦੇ ਇੱਕ ਗੁਰਸਿੱਖ ਇੰਡੀਅਨ ਨਿਵਾਸੀ ਜੀਵਨ ਸਿੰਘ ਐਡਵੋਕੇਟ ਸੁਪਰੀਮ ਕੋਰਟ, ਪ੍ਰਧਾਨ ਬਹੁਜਨ ਦ੍ਰਾਵਿੜ ਪਾਰਟੀ ਨਾਲ ਦਿੱਲੀ ਹਵਾਈ ਅੱਡੇ ਤੇ ਜਦੋਂ ਉਹ ਸਿੰਘਾਪੁਰ ਦੀ ਉਡਾਨ ਭਰਨ ਜਾ ਰਹੇ ਸਨ, ਤਾਂ ਉਨ੍ਹਾਂ ਦੇ ਸਿੱਖੀ ਸਰੂਪ ਨੂੰ ਦੇਖ ਕੇ ਅਧਿਕਾਰੀਆ ਵੱਲੋ ਅਤਿ ਅਪਮਾਨਜਨਕ ਤੇ ਗੈਰ ਵਿਧਾਨਿਕ ਢੰਗ ਨਾਲ ਕੀਤੀ ਗਈ ਪੁੱਛਗਿੱਛ ਪ੍ਰਤੱਖ ਕਰਦੀ ਹੈ ਕਿ ਉਨ੍ਹਾਂ ਵੱਲੋ ਸਭ ਤਰ੍ਹਾਂ ਦੇ ਦਸਤਾਵੇਜ ਦਿਖਾਉਣ ਉਪਰੰਤ ਵੀ ਜੋ ਮੈਡਮ ਸਟੂਤੀ ਅਤੇ ਸ੍ਰੀ ਮੁਕੇਸ਼ ਵੱਲੋ ਬੇਹੁੱਦਾ ਗੈਰ ਸਮਾਜਿਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਪ੍ਰਸਨ ਕੀਤੇ ਗਏ । ਜਿਸ ਨਾਲ ਉਨ੍ਹਾਂ ਦੀ ਸਵੈਇੱਜਤ ਨੂੰ ਡੂੰਘੀ ਸੱਟ ਪਹੁੰਚਦੀ ਸੀ, ਇਹ ਜੀਵਨ ਸਿੰਘ ਉਤੇ ਨਹੀ ਬਲਕਿ ਸਿੱਖੀ ਤੇ ਹਮਲਾ ਕਰਨ ਦੇ ਤੁੱਲ ਹਿਰਦੇਵੇਧਕ ਅਤਿ ਨਿੰਦਣਯੋਗ ਕਾਰਵਾਈ ਹੈ ਜਿਸ ਨੂੰ ਸਿੱਖ ਕੌਮ ਕਦਾਚਿਤ ਸਹਿਣ ਨਹੀ ਕਰ ਸਕਦੀ।”

ਉਨ੍ਹਾਂ ਕਿਹਾ ਕਿ ਜੀਵਨ ਸਿੰਘ ਇਕ ਬਹੁਤ ਹੀ ਅੱਛੇ, ਸਹਿਜ ਸੁਭਾਅ, ਇੱਜਤਦਾਰ ਢੰਗ ਨਾਲ ਪੇਸ਼ ਆਉਣ ਵਾਲੇ ਗੁਰਸਿੱਖੀ ਵਿੱਚ ਪੂਰਨ ਰੂਪ ਵਿੱਚ ਰੰਗੇ ਹੋਏ ਅੱਛੇ ਗੁਰਸਿੱਖ ਹਨ ਜਿਨ੍ਹਾਂ ਨੇ ਪਹਿਲਾ ਸਿੱਖ ਇਤਿਹਾਸ ਦਾ ਲੰਮਾਂ ਗਹਿਰਾ ਅਧਿਐਨ ਕੀਤਾ ਤੇ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰਕੇ ਕੇਵਲ ਖੁਦ ਹੀ ਅੰਮ੍ਰਿਤ ਛੱਕ ਕੇ ਗੁਰਸਿੱਖ ਨਹੀ ਬਣੇ ਬਲਕਿ ਤਾਮਿਲਨਾਡੂ ਵਿੱਚ ਅਤਿ ਬਦਤਰ ਜਿੰਦਗੀ ਬਤੀਤ ਕਰਨ ਵਾਲੇ ਹਜਾਰਾਂ ਤਾਮਿਲਨਾਡੂ ਪੀੜ੍ਹਤ ਪਰਿਵਾਰਾਂ ਨੂੰ ਸਿੱਖੀ ਵਿਚ ਪ੍ਰਵੇਸ ਕਰਵਾ ਕੇ ਸਿੱਖੀ ਦੀ ਪ੍ਰਫੁੱਲਤਾ ਕਰਨ ਦੀਆਂ ਜਿੰਮੇਵਾਰੀਆਂ ਨਿਭਾਈਆ ਅਤੇ ਉਨ੍ਹਾਂ ਦੇ ਹੱਕ ਹਕੂਕਾ ਦੀ ਪ੍ਰਾਪਤੀ ਲਈ ਲੜਨਾ ਸੁਰੂ ਕੀਤਾ ਅਤੇ ਆਪਣੀ ਸਿਆਸੀ ਪਾਰਟੀ ਬਣਾਈ।

ਉਨ੍ਹਾਂ ਕਿਹਾ ਕਿ ਹਵਾਈ ਅੱਡਿਆ ਦੇ ਨਿਯਮ ਦੇ ਮੈਨੂਅਲ ਕਿਸੇ ਵੀ ਇਨਸਾਨ ਦਾ ਅਪਮਾਨ ਕਰਨ ਦੀ ਕਤਈ ਇਜਾਜ਼ਤ ਨਹੀ ਦਿੰਦੇ ਜੋ ਅਧਿਕਾਰੀਆਂ ਨੇ ਅਪਮਾਨਜਨਕ ਢੰਗ ਨਾਲ ਜੀਵਨ ਸਿੰਘ ਨਾਲ ਵਿਵਹਾਰ ਕੀਤਾ ਹੈ, ਉਹ ਇਸ ਗੱਲ ਦੀ ਮੰਗ ਕਰਦੇ ਹਨ ਕਿ ਇਸ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬਣਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਅਸੀ ਹੁਕਮਰਾਨਾਂ ਨੂੰ ਵੀ ਕਹਿਣਾ ਚਾਹਵਾਂਗੇ ਕਿ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆ ਨੂੰ ਨੱਥ ਪਾਈ ਜਾਵੇ ਤਾਂ ਕਿ ਸਿੱਖ ਧਰਮ ਤੇ ਸਿੱਖੀ ਮਨੁੱਖਤਾ ਪੱਖੀ ਸੋਚ ਦੇ ਵਿਰੁੱਧ ਕੋਈ ਵੀ ਫਿਰਕੂ ਅਫ਼ਸਰ ਨਾ ਤਾਂ ਨਫ਼ਰਤ ਪੈਦਾ ਕਰ ਸਕੇ ਨਾ ਹੀ ਸਿੱਖੀ ਸਰੂਪ ਵਿਚ ਵਿਚਰਣ ਵਾਲੇ ਗੁਰਸਿੱਖਾਂ ਦਾ ਅਪਮਾਨ ਕਰਨ ਦੀ ਗੁਸਤਾਖੀ ਕਰ ਸਕੇ।

Exit mobile version