‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਸਰਕਾਰ ਦਾ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ-ਸਿੱਧੂ ਦੀ ਲੜਾਈ ਤੇ ਪਰਗਟ ਸਿੰਘ ਦੇ ਖੁਲਾਸਿਆਂ ਦਰਮਿਆਨ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਰਤ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਨੂੰ 2018 ਇਕ ਮਾਮਲੇ ਵਿੱਚ ਘੇਰਿਆ ਹੈ। ਇਸ ਦ ਖਾਲਸ ਟੀਵੀ ਨੂੰ ਵਿਸ਼ੇਸ਼ਤੌਰ ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ 2018 ਵਿੱਚ ਮਹਿਲਾ ਆਈਏਐੱਸ ਨੇ ਗਲਤ ਮੈਸਜ ਭੇਜਣ ਦਾ ਮਾਮਲਾ ਉਜਾਗਰ ਕੀਤਾ ਸੀ। ਇਸ ਮਾਮਲੇ ਦੀਆਂ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਤੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹਿ ਕੇ ਪੂਰਾ ਇਨਸਾਫ ਕਰਨ ਦੀ ਗੱਲ ਕਹੀ ਸੀ।
ਸ਼ਿਰੋਮਣੀ ਅਕਾਲੀ ਦਲ ਨੇ ਵੀ ਚੁੱਕਿਆ ਸੀ ਮਾਮਲਾ
ਚੇਅਰਪਰਸਨ ਗੁਲਾਟੇ ਨੇ ਕਿਹਾ ਕਿ ਜਿਸ ਸਮੇਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਖੁਦ ਚੰਨੀ ਨੇ ਕਿਹਾ ਕਿ ਇਹ ਗਲਤ ਮੈਸੇਜ ਗਲਤੀ ਨਾਲ ਉਸ ਮਹਿਲਾ ਅਧਿਕਾਰੀ ਦੇ ਫੋਨ ‘ਤੇ ਚਲੇ ਗਏ ਹਨ। ਇਸ ਤੇ ਉਨ੍ਹਾਂ ਨੇ ਮਾਫੀ ਮੰਗ ਲਈ ਹੈ ਤੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਉਸ ਵੇਲੇ ਸ਼ਿਰੋਮਣੀ ਅਕਾਲੀ ਦਲ ਨੇ ਵਿਰੋਧੀ ਪਾਰਟੀ ਦੀ ਹੈਸੀਅਤ ਨਾਲ ਇਹ ਮਾਮਲਾ ਚੁੱਕਿਆ ਸੀ। ਤੇ ਕਈ ਮੰਤਰੀਆਂ ਤੇ ਚੰਨੀ ਨੂੰ ਬਚਾਉਣ ਦੇ ਇਲਜਾਮ ਵੀ ਲੱਗੇ ਸਨ।
ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਨਿੱਜੀ ਤੌਰ ਤੇ ਵੀ ਇਸ ਮਾਮਲੇ ਵਿਚ ਕਈ ਆਈਏਐੱਸ ਅਧਿਕਾਰੀਆਂ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਕਮਿਸ਼ਨ ਨੇ ਜਾਣਬੁੱਝ ਕੇ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਰੂਪ ਵਿਚ ਕਮਿਸ਼ਨ ਦੇ ਕਾਰਜਾਂ ਉਪਰ ਸਵਾਲ ਹੈ ਕਿ ਅਸੀਂ ਇਸ ਮਾਮਲੇ ਵਿਚ ਇਨਸਾਫ ਨਹੀਂ ਕੀਤਾ। ਇਸ ਗੱਲ ਉਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੋਮਵਾਰ ਨੂੰ ਹੜਤਾਲ ‘ਤੇ ਜਾਣ ਦੀ ਚੇਤਾਵਨੀ
ਮਨੀਸ਼ਾ ਗੁਲਾਟੀ ਨੇ ਸਰਕਾਰ ਤੋਂ ਜਵਾਬ ਮੰਗਦਿਆਂ ਇਕ ਹਫਤੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਵਾਬ ਨਾ ਦਿੱਤਾ ਤਾਂ ਉਹ ਅਗਲੇ ਹਫਤੇ ਸੋਮਵਾਰ ਤੋਂ ਚੰਡੀਗੜ੍ਹ ਚੌਂਕ ਵਿਚ ਹੜਤਾਲ ‘ਤੇ ਜਾਣਗੇ ਤੇ ਇਸਦੀ ਸਾਰੀ ਜਿੰਮੇਦਾਰੀ ਸਰਕਾਰ ਦੀ ਹੋਵੇਗੀ।
ਕੁਰਸੀ ਜਾਣ ਦਾ ਨਹੀਂ ਹੈ ਡਰ
ਇਕ ਸਵਾਲ ਦੇ ਜਵਾਬ ਵਿਚ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਆਪਣੇ ਜਮੀਰ ਦੀ ਅਵਾਜ ਨਹੀਂ ਮਾਰ ਸਕਦੇ। ਉਨ੍ਹਾਂ ਖੁਦ ਇਸ ਮਾਮਲੇ ਦਾ ਸੋ ਮੋਟੋ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰਾਂ ਦੇ ਦਬਾਅ ਹੇਠ ਹੀ ਮਹਿਲਾ ਕਮਿਸ਼ਨ ਕੰਮ ਨਹੀਂ ਕਰ ਪਾ ਰਹੀਆਂ ਤੇ ਉਹਨਾਂ ਨੇ ਜਿੰਨਾ ਹੁਣ ਤੱਕ ਕੰਮ ਕੀਤਾ ਹੈ ਕੋਈ ਮਹਿਲਾ ਕਮਿਸ਼ਨ ਨਹੀਂ ਕਰ ਸਕਦੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਇਨਸਾਫ ਲੈ ਕੇ ਰਹਿਣਗੇ, ਬੇਸ਼ੱਕ ਕੁਰਸੀ ਜਾਂਦੀ ਤਾਂ ਚਲੀ ਜਾਵੇ। ਮੈਂ ਪੰਜਾਬ ਦੀਆਂ ਸਾਰੀਆਂ ਔਰਤਾਂ ਲਈ ਜਵਾਬਦੇਹ ਹਾਂ ਨਾ ਕਿ ਮੈਨੂੰ ਕਿਸੇ ਆਈਏਐੱਸ ਲਾਬੀ ਲਈ ਜਾਂ ਰਾਜਨੀਤਿਕ ਕਾਰਜਾਂ ਲਈ ਚੁਣਿਆ ਗਿਆ ਹੈ।