The Khalas Tv Blog India ਮਨੀਸ਼ ਸਿਸੋਦੀਆ ਫਿਰ ਪਹੁੰਚੇ ਸੁਪਰੀਮ ਕੋਰਟ, ਅਦਾਲਤ ਨੇ ਸੁਣਵਾਈ ਲਈ ਰੱਖੀ ਸ਼ਰਤ
India

ਮਨੀਸ਼ ਸਿਸੋਦੀਆ ਫਿਰ ਪਹੁੰਚੇ ਸੁਪਰੀਮ ਕੋਰਟ, ਅਦਾਲਤ ਨੇ ਸੁਣਵਾਈ ਲਈ ਰੱਖੀ ਸ਼ਰਤ

ਨਵੀਂ ਦਿੱਲੀ: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਜੇਲ ’ਚ ਬੰਦ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸ਼ਰਾਬ ਨੀਤੀ ਮਾਮਲੇ ਦੀ ਸੁਣਵਾਈ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਸਿਸੋਦੀਆ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਸ ਪਟੀਸ਼ਨ ’ਚ ਕਮੀਆਂ ਨੂੰ ਦੂਰ ਕਰੋ, ਫਿਰ ਇਸ ’ਤੇ ਸੁਣਵਾਈ ਕਰਾਂਗੇ।

ਲਾਈਵ ਲਾਅ ਦੀ ਰਿਪੋਰਟ ਮੁਤਾਬਕ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕਥਿਤ ਘਪਲੇ ਦੇ ਇਲਜ਼ਾਮ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸਾਲਿਸਿਟਰ ਜਨਰਲ ਤੋਂ ਭਰੋਸਾ ਮਿਲਣ ਤੋਂ ਬਾਅਦ 4 ਜੂਨ ਨੂੰ ਸੁਪਰੀਮ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਸਾਲਿਸਟਰ ਜਨਰਲ ਨੇ ਅਦਾਲਤ ’ਚ ਕਿਹਾ ਸੀ ਕਿ ਇਸ ਮਾਮਲੇ ’ਚ ਚਾਰਜਸ਼ੀਟ 3 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਦਾਇਰ ਕੀਤੀ ਜਾਵੇਗੀ। ਇਸ ਤੋਂ ਬਾਅਦ ਅਦਾਲਤ ਨੇ ਸਿਸੋਦੀਆ ਨੂੰ ਇਹ ਵੀ ਆਜ਼ਾਦੀ ਦਿੱਤੀ ਸੀ ਕਿ ਉਹ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਆਪਣੀ ਜ਼ਮਾਨਤ ਪਟੀਸ਼ਨ ਦੁਬਾਰਾ ਦਾਇਰ ਕਰ ਸਕਦੇ ਹਨ।

ਮੁਕੱਦਮੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ, ਸਿਸੋਦੀਆ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਤੁਰੰਤ ਸੁਣਵਾਈ ਲਈ ਚੀਫ਼ ਜਸਟਿਸ ਦੇ ਸਾਹਮਣੇ ਰੱਖੀ। ਸਿੰਘਵੀ ਨੇ ਕਿਹਾ, “ਮਨੀਸ਼ ਸਿਸੋਦੀਆ 16 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ। ਅਦਾਲਤ ਨੇ ਕਿਹਾ ਹੈ ਕਿ ਕੇਸ ਦੀ ਸੁਣਵਾਈ ਜਲਦੀ ਖ਼ਤਮ ਹੋਣੀ ਚਾਹੀਦੀ ਹੈ, ਪਰ ਅਜੇ ਤੱਕ ਇਹ ਸ਼ੁਰੂ ਨਹੀਂ ਹੋਈ ਹੈ। ਅਦਾਲਤ ਨੇ 3 ਜੁਲਾਈ ਤੋਂ ਬਾਅਦ ਮੁੜ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਦੀ ਛੋਟ ਦੇ ਦਿੱਤੀ ਹੈ।”

ਇਸ ’ਤੇ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਕਰਨਗੇ। ਸਿਸੋਦੀਆ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਅਤੇ ਈਡੀ ਵੱਲੋਂ ਦਰਜ ਕੀਤੇ ਕੇਸਾਂ ਵਿੱਚ ਜ਼ਮਾਨਤ ਦੀ ਮੰਗ ਕੀਤੀ ਹੈ। ਸਿਸੋਦੀਆ ਨੂੰ ਪਹਿਲਾਂ ਸੀਬੀਆਈ ਨੇ ਪਿਛਲੇ ਸਾਲ 26 ਫਰਵਰੀ ਨੂੰ ਅਤੇ ਫਿਰ ਈਡੀ ਨੇ 9 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਅਕਤੂਬਰ 2023 ’ਚ ਸੁਪਰੀਮ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਹਾਲਾਂਕਿ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ’ਚ ਦੇਰੀ ਹੋਣ ’ਤੇ ਮੁੜ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ – ਚੰਡੀਗੜ੍ਹ ‘ਚ ਦੇਰ ਰਾਤ ਚੱਲੀਆਂ ਗੋਲੀਆਂ, ਸੈਕਟਰ-44 ‘ਚ ਵਾਪਰੀ ਘਟਨਾ, ਦੋਸ਼ੀ ਅਜੇ ਫਰਾਰ
Exit mobile version