‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਹਾੜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਦੇ ਮੰਡੀ ਵਿੱਚ ਮੁਸਲਾਧਾਰ ਮੀਂਹ ਪੈਣ ਨਾਲ ਚੰਡੀਗੜ੍ਹ-ਮਨਾਲੀ ਐੱਨਐੱਚ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਕੱਟ ਗਿਆ ਹੈ।ਇੱਥੇ ਜਮੀਨ ਖਿਸਕਣ ਨਾਲ ਰਾਹ ਬੰਦ ਹੈ। ਪਹਾੜ ਡਿੱਗਣ ਕਾਰਨ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।ਹਾਲਾਂਕਿ ਗੱਡੀਆਂ ਵਿੱਚ ਸਵਾਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ।
ਵਿਕੱਲਪ ਦੇ ਤੌਰ ਉੱਤੇ ਵਰਤਿਆ ਜਾਂਦਾ ਕਮਾਂਦ ਬਜਾਰ ਮਾਰਗ ਵੀ ਬੰਦ ਹੈ। ਮੀਂਹ ਕਾਰਨ ਜਿਲ੍ਹੇ ਦੇ ਪੰਜਾਹ ਦੇ ਕਰੀਬ ਰਸਤੇ ਠੱਪ ਹਨ। ਸਰਕਾਘਾਟ-ਧਰਮਪੁਰ ਐੱਨਐੱਚਏ ਉੱਤੇ ਵੀ ਗੱਡੀਆਂ ਦੇ ਪਹੀਏ ਜਾਮ ਹਨ।ਉੱਥੇ ਹੀ ਭਾਰੀ ਮੀਂਹ ਕਾਰਨ ਨਦੀਆਂ ਨਾਲਿਆਂ ਦਾ ਪਾਣੀ ਵੀ ਆਪਣੀਆਂ ਹੱਦਾਂ ਬੰਨ੍ਹੇ ਟੱਪ ਗਿਆ ਹੈ। ਭਾਰੀ ਮੀਂਹ ਪੈਂਣ ਕਾਰਨ ਪ੍ਰਸ਼ਾਸਨ ਨੇ ਨਦੀਆਂ ਤੇ ਨਾਲਿਆਂ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਸਲਾਹ ਦਿੱਤੀ ਹੈ।
ਮੰਡੀ ਦੇ ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਸੜਕਾਂ ਦੇ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਪ੍ਰਭਾਵਿਤ ਸੜਕਾਂ ਨੂੰ ਠੀਕ ਕਰਨ ਲਈ ਮਸ਼ੀਨਰੀ ਅਤੇ ਲੇਬਰ ਤੈਨਾਤ ਕੀਤੀ ਗਈ ਹੈ। ਪਰ ਬਾਰੀ ਮੀਂਹ ਕਾਰਨ ਇਸ ਕਾਰਜ ਵਿਚ ਵੀ ਪਰੇਸ਼ਾਨੀ ਆ ਰਹੀ ਹੈ।
ਉੱਧਰ, ਕਾਂਗੜਾ ਵਿੱਚ ਵੀ ਮੀਂਹ ਨਾਲ ਇਕ ਵਾਰ ਫਿਰ ਲੋਕ ਪਰੇਸ਼ਾਨੀਆਂ ਵਿੱਚ ਘਿਰ ਗਏ ਹਨ। ਕਈ ਥਾਵਾਂ ਉੱਤੇ ਪਹਾੜ ਡਿੱਗਣ ਅਤੇ ਜਮੀਨ ਧਸਣ ਦੀਆਂ ਖਬਰਾਂ ਆ ਰਹੀਆਂ ਹਨ। ਪਾਲਮਪੁਰ ਸੁਜਾਨਪੁਰ ਹਾਈਵੇ ਭਾਟਿਲੁ ਵੀ ਜਾਮ ਹੋ ਗਿਆ ਹੈ।
ਇਸੇ ਤਰ੍ਹਾਂ ਦੇਹਰਾ-ਹੁਸ਼ਿਆਰਪੁਰ ਸੜਕ ਬਿਆਸ ਪੁਲ ਦੇ ਨੇੜੇ ਪਹਾੜੀ ਦਾ ਮਲਬਾ ਡਿੱਗਣ ਕਾਰਨ ਬੰਦ ਹੋ ਗਈ ਹੈ। ਪਿਛਲੇ ਦੋ-ਤਿੰਨ ਘੰਟੇ ਤੋਂ ਐੱਨਐੱਚ ਉੱਤੇ ਜਾਮ ਲੱਗਿਆ ਹੋਇਆ ਹੈ। ਪਾਲਮਪੁਰ ਵਿੱਚ ਭਾਰੀ ਮੀਂਹ ਕਾਰਣ ਪਾਲਮਪੁਰ ਧਰਮਸ਼ਾਲਾ ਵਾਇਆ ਨਗਰੀ ਰੋਡ ਬੰਦ ਹੋ ਗਿਆ ਹੈ।ਇਸ ਰੋਡ ਉੱਤੇ ਆਵਾਜਾਹੀ ਸਵੇਰੇ ਚਾਰ ਵਜੇ ਤੋਂ ਪ੍ਰਭਾਵਿਤ ਹੈ।
ਪਾਲਮਪੁਰ ਤੇ ਧਰਮਸ਼ਾਲਾ ਆਉਣ ਜਾਣ ਵਾਲੀਆਂ ਬੱਸਾਂ ਹੁਣ ਲਤਵਾਲਾ ਰਸਤੇ ਜਾ ਰਹੀਆਂ ਹਨ। ਲੋਕਾਂ ਨੂੰ ਇਸ ਕਾਰਣ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੰਜ ਗਗਲ ਧਰਮਸ਼ਾਲਾ ਰੋਡ ਦੋ ਤਿੰਨ ਥਾਵਾਂ ਉੱਤੇ ਬੰਦ ਹੈ। ਬਰੋਟ ਘਟਾਸਨੀ, ਬਰੋਟ ਲੋਹਰਡੀ, ਬਰੋਟ ਮਿਓਟ ਮੁਲਥਾਨ, ਕੋਠੀ ਕੋਢ ਬੋਚੀਗ ਰੋਲੀਗ ਸਣੇ ਕਈ ਸੜਕਾਂ ਬੰਦ ਹੋ ਗਈਆਂ ਹਨ।