ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਕਿ ਮੈਂ ਭਗਵਾਨ ਵਿਸ਼ਨੂੰ ਬਾਰੇ ਸੀ.ਜੇ.ਆਈ. ਦੇ ਬਿਆਨ ਤੋਂ ਦੁਖੀ ਹਾਂ ਅਤੇ ਇਹ ਉਨ੍ਹਾਂ ਦੇ ਕੰਮਾਂ ਪ੍ਰਤੀ ਮੇਰੀ ਪ੍ਰਤੀਕਿਰਿਆ ਸੀ। ਮੈਂ ਸ਼ਰਾਬੀ ਨਹੀਂ ਸੀ, ਜੋ ਹੋਇਆ ਉਸ ’ਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ, ਅਤੇ ਨਾ ਹੀ ਮੈਂ ਕਿਸੇ ਤੋਂ ਡਰਦਾ ਹਾਂ।
ਉਸ ਨੇ ਅੱਗੇ ਕਿਹਾ ਕਿ ਇਹ ਹੀ ਚੀਫ਼ ਜਸਟਿਸ ਕਈ ਧਰਮਾਂ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਵਿਰੁੱਧ ਮਾਮਲਿਆਂ ਵਿਚ ਸਖ਼ਤ ਕਦਮ ਚੁੱਕਦੇ ਹਨ। ਉਦਾਹਰਣ ਵਜੋਂ, ਹਲਦਵਾਨੀ ਵਿਚ ਇਕ ਖਾਸ ਭਾਈਚਾਰਾ ਰੇਲਵੇ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਤਿੰਨ ਸਾਲ ਪਹਿਲਾਂ ਇਸ ’ਤੇ ਰੋਕ ਲਗਾ ਦਿੱਤੀ ਸੀ, ਜੋ ਅੱਜ ਤੱਕ ਲਾਗੂ ਹੈ।
ਇਸ ਘਟਨਾ ਬਾਰੇ ਐਸ.ਸੀ. ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਨੇ ਕਿਹਾ ਭਗਵਾਨ ਵਿਸ਼ਨੂੰ ਮੂਰਤੀ ਮਾਮਲੇ ਵਿਚ ਸੀ.ਜੇ.ਆਈ. ਦੀਆਂ ਟਿੱਪਣੀਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ, ਜਿਸ ਨਾਲ ਇਹ ਜਾਪਦਾ ਹੈ ਕਿ ਸੀ.ਜੇ.ਆਈ. ਨੇ ਦੇਵਤਾ ਦਾ ਅਪਮਾਨ ਕੀਤਾ ਹੈ। ਵਕੀਲ ਨੇ ਇਹ ਪ੍ਰਚਾਰ ਹਾਸਲ ਕਰਨ ਲਈ ਕੀਤਾ।
ਦਰਅਸਲ ਬੀਤੀ ਦੁਪਹਿਰ ਨੂੰ ਜਦੋਂ ਸੀ.ਜੇ.ਆਈ. ਦਾ ਬੈਂਚ ਇੱਕ ਕੇਸ ਦੀ ਸੁਣਵਾਈ ਕਰ ਰਿਹਾ ਸੀ ਤਾਂ ਉਸ ਵੇਲੇ ਮੁਲਜ਼ਮ ਨੇ ਸੀ.ਜੇ.ਆਈ. ’ਤੇ ਜੁੱਤੀ ਸੁੱਟ ਦਿੱਤੀ, ਹਾਲਾਂਕਿ ਜੁੱਤੀ ਉਨ੍ਹਾਂ ਦੇ ਬੈਂਚ ਤੱਕ ਨਹੀਂ ਪਹੁੰਚ ਸਕੀ ਸੀ। ਉਸ ਵੇਲੇ ਵਕੀਲ ਨੇ ਇਹ ਵੀ ਕਿਹਾ ਕਿ ਉਹ ਭਗਵਾਨ ਵਿਸ਼ਨੂੰ ਦਾ ਅਪਮਾਨ ਨਹੀਂ ਸਹਿਣਗੇ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਵਕੀਲ ਨੂੰ ਫੜ ਲਿਆ।
ਜਿਕਰੇਖਾਸ ਹੈ ਮੱਧ ਪ੍ਰਦੇਸ਼ ਦੇ ਇੱਕ ਮੰਦਿਰ ਵਿੱਚ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਰੀਸਟੋਰ ਕੀਤੇ ਜਾਣ ਨੂੰ ਲੈਕੇ ਇੱਕ PIL ਪਾਈ ਗਈ ਸੀ ਅਤੇ ਉਸ ਦੀ ਸੁਣਵਾਈ CJI ਦਾ ਡਿਵੀਜ਼ਨਲ ਬੈਂਚ ਕਰ ਰਿਹਾ ਸੀ। ਸੁਣਵਾਈ ਦੌਰਾਨ CJI ਨੇ ਕਿਹਾ ਕਿ ਇਹ ਗੱਲ ਕਹਿੰਦਿਆਂ ਕਿ ਇਸ PIL ਵਿੱਚ ਪਬਲਿਕ ਦੀ ਜਗ੍ਹਾ ਨਿੱਜੀ ਇੰਟ੍ਰਸਟ ਨਜ਼ਰ ਆ ਰਿਹਾ ਹੈ, PIL ਖਾਰਿਜ਼ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਆਪਣੇ ਰੱਬ ਨੂੰ ਹੀ ਆਖੋ ਕਿ ਉਹ ਕੁਝ ਕਰਨ।
ਉਧਰ ਦਿੱਲੀ ਪੁਲਿਸ ਦੇ ਅਨੁਸਾਰ ਸੁਪਰੀਮ ਕੋਰਟ ਰਜਿਸਟਰੀ ਵੱਲੋਂ ਕਿਸ਼ੋਰ ਵਿਰੁੱਧ ਇਲਜ਼ਾਮ ਲਗਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਕਥਿਤ ਤੌਰ ‘ਤੇ ਉਸ ਤੋਂ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ।
ਘਟਨਾ ਵਾਪਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਬੀ.ਆਰ. ਗਵਈ ਜੀ ਨਾਲ ਗੱਲ ਕੀਤੀ। ਅੱਜ ਸਵੇਰੇ ਸੁਪਰੀਮ ਕੋਰਟ ਦੇ ਅਹਾਤੇ ਵਿੱਚ ਉਨ੍ਹਾਂ ‘ਤੇ ਹੋਏ ਹਮਲੇ ਨੇ ਹਰ ਭਾਰਤੀ ਨੂੰ ਗੁੱਸਾ ਦਿਵਾਇਆ ਹੈ। ਸਾਡੇ ਸਮਾਜ ਵਿੱਚ ਅਜਿਹੇ ਨਿੰਦਣਯੋਗ ਕੰਮਾਂ ਲਈ ਕੋਈ ਥਾਂ ਨਹੀਂ ਹੈ। ਇਹ ਪੂਰੀ ਤਰ੍ਹਾਂ ਨਿੰਦਣਯੋਗ ਹੈ।
ਮੈਂ ਜਸਟਿਸ ਗਵਈ ਦੁਆਰਾ ਅਜਿਹੀ ਸਥਿਤੀ ਦੇ ਸਾਹਮਣੇ ਦਿਖਾਈ ਗਈ ਸ਼ਾਂਤੀ ਦੀ ਸ਼ਲਾਘਾ ਕੀਤੀ। ਇਹ ਨਿਆਂ ਦੇ ਮੁੱਲਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਨੂੰ ਉਜਾਗਰ ਕਰਦਾ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ CJI ਬੀ.ਆਰ. ਗਵਈ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਸਿਰਫ਼ ਇੱਕ ਜੱਜ ‘ਤੇ ਹਮਲਾ ਨਹੀਂ ਹੈ, ਸਗੋਂ ਭਾਰਤ ਦੀ ਆਤਮਾ ‘ਤੇ ਹਮਲਾ ਹੈ, ਇਸ ਦੇਸ਼ ਦੀ ਨਿਆਂਪਾਲਿਕਾ ‘ਤੇ ਹਮਲਾ ਹੈ। ਇਹ ਲੋਕ ਇੱਕ ਦਲਿਤ ਪੁੱਤਰ ਨੂੰ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਉਨ੍ਹਾਂ ਦੀ ਦਲੇਰੀ ਦੇਖੋ। ਉਨ੍ਹਾਂ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਸੀਜੇਆਈ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ। ਇਹ ਦੇਸ਼ ਇਸ ਤਰ੍ਹਾਂ ਦੀ ਰਾਜਨੀਤੀ ਅਤੇ ਗੁੰਡਾਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ‘ਤੇ ਹਮਲਾ ਸਾਡੀ ਨਿਆਂਪਾਲਿਕਾ ਦੀ ਸ਼ਾਨ ਅਤੇ ਸਾਡੇ ਸੰਵਿਧਾਨ ਦੀ ਭਾਵਨਾ ‘ਤੇ ਹਮਲਾ ਹੈ। ਅਜਿਹੀ ਨਫ਼ਰਤ ਦੀ ਸਾਡੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਅਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।ਸੋ ਹੁਣ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਵਕੀਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ।