ਬਿਊਰੋ ਰਿਪੋਰਟ (ਚੰਡੀਗੜ੍ਹ, 19 ਫਰਵਰੀ 2026): ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਕੱਤਰੇਤ (ਸਿਵਲ ਸੈਕਟਰੀਏਟ) ਅਤੇ ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪੂਰੇ ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਕੱਤਰੇਤ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਹੈ।
ਸਵੇਰੇ 9:46 ਵਜੇ ਮਿਲੀ ਇਸ ਧਮਕੀ ਭਰੀ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅਤੇ ਸਕੱਤਰੇਤ ਵਿੱਚ ਦੁਪਹਿਰ 2:11 ਵਜੇ ਧਮਾਕਾ ਹੋਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਅਦਾਲਤ ਵਿੱਚ ਦੁਪਹਿਰ 3:11 ਵਜੇ ਬਲਾਸਟ ਕਰਨ ਦੀ ਗੱਲ ਕਹੀ ਗਈ ਹੈ। ਮੇਲ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ “ਪੰਜਾਬ ਹੁਣ ਖ਼ਾਲਿਸਤਾਨ ਬਣ ਕੇ ਰਹੇਗਾ।”
ਧਮਕੀ ਮਿਲਣ ਤੋਂ ਬਾਅਦ ਪੁਲਿਸ ਬਲ, ਬੰਬ ਨਿਰੋਧਕ ਦਸਤਾ (Bomb Disposal Squad) ਅਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਸਕੱਤਰੇਤ ਵਿੱਚੋਂ ਮੁਲਾਜ਼ਮਾਂ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਪੂਰੇ ਇਮਾਰਤ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸ਼ੱਕੀ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਆਉਣ-ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ।
