ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਜੰਗ ਨੇ ਭਿਆਨਕ ਰੂਪ ਧਾਰ ਲਿਆ ਹੈ। ਅੱਜ ਸਵੇਰੇ ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੀ ਫ਼ੌਜੀ ਕਾਰਵਾਈ ਕਰਦਿਆਂ ਇਰਾਨ ਦੀ ਰਾਜਧਾਨੀ ਤਹਿਰਾਈ ਸਮੇਤ ਕਈ ਪ੍ਰਮੁੱਖ ਸ਼ਹਿਰਾਂ ’ਤੇ ਜ਼ੋਰਦਾਰ ਹਮਲੇ ਕੀਤੇ ਹਨ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਹ ਹਮਲਾ ਦੋਵਾਂ ਦੇਸ਼ਾਂ ਦੀ ‘ਜੁਆਇੰਟ ਮਿਲਟਰੀ ਐਕਸ਼ਨ’ ਦਾ ਹਿੱਸਾ ਹੈ, ਜਿਸ ਦਾ ਮਕਸਦ ਇਰਾਨ ਦੇ ਰਣਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਹੈ।
ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਈਰਾਨੀ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੇ ਦਫ਼ਤਰ ਦੇ ਬਿਲਕੁਲ ਨੇੜੇ ਧਮਾਕੇ ਹੋਏ ਹਨ। ਹਮਲੇ ਤੋਂ ਤੁਰੰਤ ਬਾਅਦ ਸੁਪਰੀਮ ਲੀਡਰ ਨੂੰ ਕਿਸੇ ਗੁਪਤ ਤੇ ਸੁਰੱਖਿਅਤ ਥਾਂ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਪੂਰੇ ਇਰਾਨ ਵਿੱਚ ਹਵਾਈ ਹਮਲਿਆਂ ਦੇ ਸਾਈਰਨ ਵੱਜ ਰਹੇ ਹਨ ਤੇ ਅਸਮਾਨ ਵਿੱਚ ਧੂਏਂ ਦੇ ਗੁਬਾਰ ਨਜ਼ਰ ਆ ਰਹੇ ਹਨ।
ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਇਸ ਨੂੰ ‘ਪ੍ਰੀਵੈਂਟਿਵ ਅਟੈਕ’ (ਬਚਾਅ ਲਈ ਕੀਤਾ ਗਿਆ ਹਮਲਾ) ਦੱਸਿਆ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਇਰਾਨ ਨੂੰ ਸਖ਼ਤ ਚਿਤਾਵਨੀ ਦੇ ਚੁੱਕੇ ਸਨ। ਅਮਰੀਕੀ ਫ਼ੌਜ ਨੇ ਪਹਿਲਾਂ ਹੀ ਇਰਾਨ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਛੱਡਣ ਦੀ ਸਲਾਹ ਵੀ ਦਿੱਤੀ ਸੀ।
ਹਮਲੇ ਦੇ ਮੱਦੇਨਜ਼ਰ ਇਰਾਨ ਨੇ ਆਪਣਾ ਏਅਰਸਪੇਸ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਜ਼ਰਾਈਲ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ। ਵਿਸ਼ਵ ਪੱਧਰ ’ਤੇ ਇਸ ਹਮਲੇ ਤੋਂ ਬਾਅਦ ਤਣਾਅ ਬਹੁਤ ਵਧ ਗਿਆ ਹੈ।

