ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਕਿ ਤੀਜੇ ਵਿਸ਼ਵ ਦੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ‘ਤੇ ਸਥਾਈ ਪਾਬੰਦੀ ਲਗਾਈ ਜਾਵੇਗੀ। ਇਹ ਫ਼ੈਸਲਾ ਵ੍ਹਾਈਟ ਹਾਊਸ ਨੇੜੇ ਅਫਗਾਨ ਸ਼ਰਨਾਰਥੀ ਵੱਲੋਂ ਦੋ ਨੈਸ਼ਨਲ ਗਾਰਡ ਸੈਨਿਕਾਂ ‘ਤੇ ਗੋਲੀਬਾਰੀ ਤੋਂ ਤੁਰੰਤ ਬਾਅਦ ਆਇਆ। ਟਰੰਪ ਨੇ ਇਸ ਹਮਲੇ ਨੂੰ “ਬੇਰਹਿਮ ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਅਤੇ ਅਫਗਾਨ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਤੁਰੰਤ ਰੋਕ ਲਗਾ ਦਿੱਤੀ।
ਹਮਲਾਵਰ ਦੀ ਪਛਾਣ 29 ਸਾਲਾ ਰਹਿਮਾਨਉੱਲਾ ਲਕਨਵਾਲ ਵਜੋਂ ਹੋਈ ਹੈ, ਜੋ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਆਇਆ ਸੀ ਅਤੇ ਅਪ੍ਰੈਲ 2025 ਵਿੱਚ ਉਸ ਨੂੰ ਸ਼ਰਨਾਰਥੀ ਦਾ ਦਰਜਾ ਮਿਲ ਗਿਆ ਸੀ।
ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ “ਜੋ ਅਮਰੀਕਾ ਨੂੰ ਪਿਆਰ ਨਹੀਂ ਕਰਦੇ, ਜੋ ਸਾਡੀ ਸਭਿਅਤਾ ਨਾਲ ਮੇਲ ਨਹੀਂ ਖਾਂਦੇ ਜਾਂ ਸੁਰੱਖਿਆ ਲਈ ਖ਼ਤਰਾ ਹਨ, ਉਨ੍ਹਾਂ ਨੂੰ ਦੇਸ਼ੋਂ ਕੱਢਿਆ ਜਾਵੇਗਾ।” ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗੈਰ-ਨਾਗਰਿਕਾਂ ਨੂੰ ਕੋਈ ਸਰਕਾਰੀ ਲਾਭ, ਸਬਸਿਡੀ ਜਾਂ ਸਹੂਲਤ ਨਹੀਂ ਮਿਲੇਗੀ। ਜਨਤਕ ਬੋਝ ਬਣਨ ਵਾਲੇ, ਅਪਰਾਧੀ ਜਾਂ ਪੱਛਮੀ ਕਦਰਾਂ-ਕੀਮਤਾਂ ਨਾਲ ਨਾ ਮਿਲਦੇ ਪ੍ਰਵਾਸੀਆਂ ਦੀ ਨਾਗਰਿਕਤਾ ਵੀ ਖੋਹੀ ਜਾਵੇਗੀ।
ਟਰੰਪ ਨੇ ਕਿਹਾ ਕਿ ਪਿਛਲੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਅਮਰੀਕੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਅਤੇ ਅਪਰਾਧ ਵਧਾਇਆ ਹੈ। ਉਨ੍ਹਾਂ ਮੁਤਾਬਕ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਨੇ ਅਜਿਹੀਆਂ ਸਮਾਜਿਕ ਸਮੱਸਿਆਵਾਂ ਨਹੀਂ ਵੇਖੀਆਂ। ਹੁਣ “ਉਲਟਾ ਪ੍ਰਵਾਸ” (reverse migration) ਹੀ ਇਕੋ ਹੱਲ ਹੈ – ਯਾਨੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਭੇਜਣਾ।
ਇਸ ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ 19 “ਚਿੰਤਾ ਵਾਲੇ ਦੇਸ਼ਾਂ” ਦੇ ਪ੍ਰਵਾਸੀਆਂ ਦੀ ਸਥਾਈ ਨਿਵਾਸ ਸਥਿਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ ਅਫਗਾਨਿਸਤਾਨ, ਈਰਾਨ, ਸੋਮਾਲੀਆ, ਯਮਨ, ਲੀਬੀਆ, ਸੁਡਾਨ, ਹੈਤੀ, ਕਿਊਬਾ, ਵੈਨੇਜ਼ੁਏਲਾ, ਬੁਰੂੰਡੀ, ਚਾਡ, ਕਾਂਗੋ, ਏਰੀਟਰੀਆ, ਇਕੂਟੇਰੀਅਲ ਗਿਨੀ, ਬਰਮਾ, ਲਾਓਸ, ਸੀਅਰਾ ਲਿਓਨ, ਟੋਗੋ ਅਤੇ ਤੁਰਕਮੇਨਿਸਤਾਨ ਸ਼ਾਮਲ ਹਨ।


