‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਕਰੀਬ 10 ਮਹੀਨੇ ਹੋਣ ਵਾਲੇ ਹਨ। ਸਰਦੀਆਂ ਤੋਂ ਸ਼ੁਰੂ ਕਿਸਾਨ ਅੰਦੋਲਨ ਨੂੰ ਤਪਦੀਆਂ ਧੁੱਪਾਂ ਅਤੇ ਪੋਹ-ਮਾਘ ਦੀ ਠੰਡ ਹਿਲਾ ਨਾ ਸਕੀ। ਉਂਝ, 600 ਤੋਂ ਵੱਧ ਕਿਸਾਨ ਸ਼ਹੀਦੀ ਪਾ ਚੁੱਕੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਦਿਲ ਦਾ ਦੌਰਾ ਪੈਣ ਜਾਂ ਸੜਕ ਹਾਦਸਿਆਂ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਅੱਜ ਸੜਕ ਹਾਦਸੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਅਤੇ ਕਿਸਾਨ ਜ਼ਖ਼ਮੀ ਹੋ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਇਹ ਕਿਸਾਨ ਸਿੰਘੂ ਬਾਰਡਰ ਤੋਂ ਟਰਾਲੀ ‘ਤੇ ਵਾਪਸ ਆ ਰਹੇ ਸਨ ਤਾਂ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਕੋਲ ਟਰੈਕਟਰ-ਟਰਾਲੀ ਫਲਾਈਓਵਰ ਉੱਪਰੋਂ ਦੀ ਲੰਘ ਰਹੀ ਸੀ ਤਾਂ ਉਸ ਸਮੇਂ ਦੋ ਕਿਸਾਨ ਟਰਾਲੀ ਤੋਂ ਹੇਠਾਂ ਡਿੱਗ ਗਏ। ਇਸ ਦੌਰਾਨ ਇੱਕ ਕਿਸਾਨ ਨੂੰ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਕਿਸਾਨ ਕੁਲਵੰਤ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੂਜੇ ਕਿਸਾਨ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।