The Khalas Tv Blog Punjab ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’
Punjab

ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’

ਬਿਊਰੋ ਰਿਪੋਰਟ (15 ਅਪ੍ਰੈਲ, 2026): ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਦੀ ਸਿਆਸਤ ਹਮੇਸ਼ਾ ਝੂਠ ਦੇ ਪਹਾੜ ’ਤੇ ਟਿਕੀ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ’ਤੇ ਐਨ.ਡੀ.ਪੀ.ਐਸ. (NDPS) ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਸਨ, ਜੋ ਅਦਾਲਤਾਂ ਵਿੱਚ ਰੇਤ ਦੇ ਮਹਿਲ ਵਾਂਗ ਢਹਿ ਗਏ।

ਅਸ਼ੋਕ ਮਿੱਤਲ ਅਤੇ ED ਦੀ ਜਾਂਚ ਤੇ ਚੁੱਕੇ ਸਵਾਲ

ਮਜੀਠੀਆ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ’ਤੇ ਹੋ ਰਹੀ ED ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਹੁਣ ‘ਆਪ’ ਲੀਡਰਸ਼ਿਪ ਚੀਕਾਂ ਕਿਉਂ ਮਾਰ ਰਹੀ ਹੈ? ਉਨ੍ਹਾਂ ਕਿਹਾ ਕਿ ਕੀ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਪਾਰਟੀ ਦੇ ‘ਮਨੀ ਐਕਸਚੇਂਜਰ’ ਬਣ ਚੁੱਕੇ ਹਨ? 

ਮਜੀਠੀਆ ਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਪਾਰਟੀ ਦਾ ਕਾਲਾ ਧਨ, ਜੋ ਚੋਣਾਂ ਵਿੱਚ ਵਰਤਿਆ ਜਾਣਾ ਸੀ, ਮਿੱਤਲ ਦੇ ਕਾਰੋਬਾਰਾਂ ਵਿੱਚ ਲੱਗਾ ਹੋਇਆ ਹੈ, ਜਿਸ ਕਾਰਨ ED ਦੀ ਜਾਂਚ ਤੋਂ ਘਬਰਾਹਟ ਹੋ ਰਹੀ ਹੈ।

ਭ੍ਰਿਸ਼ਟ ਅਧਿਕਾਰੀਆਂ ਦਾ ਸਹਾਰਾ ਲੈਣ ਦੇ ਇਲਜ਼ਾਮ

ਉਨ੍ਹਾਂ ਅੱਗੇ ਕਿਹਾ ਕਿ ਮੇਰੇ ਖ਼ਿਲਾਫ਼ ਕੇਸ ਬਣਾਉਣ ਵਾਲਾ ਡੀ.ਆਈ.ਜੀ. ਹਰਚਰਨ ਭੁੱਲਰ ਖ਼ੁਦ ਕਰੋੜਾਂ ਦੀ ਰਿਸ਼ਵਤ ਅਤੇ ਸੋਨੇ ਸਮੇਤ ਫੜਿਆ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ‘ਆਪ’ ਸਰਕਾਰ ਵਿਰੋਧੀਆਂ ਨੂੰ ਦਬਾਉਣ ਲਈ ਭ੍ਰਿਸ਼ਟ ਅਧਿਕਾਰੀਆਂ ਦੀ ਵਰਤੋਂ ਕਰਦੀ ਹੈ। ਮਜੀਠੀਆ ਨੇ ਕਿਹਾ ਕਿ ਜਦੋਂ ਵਿਰੋਧੀਆਂ ‘ਤੇ ਕਾਰਵਾਈ ਹੁੰਦੀ ਹੈ ਤਾਂ ਇਹ ‘ਸਹੀ’ ਹੁੰਦੀ ਹੈ, ਪਰ ਜਦੋਂ ਆਪਣੇ ’ਤੇ ਗੱਲ ਆਉਂਦੀ ਹੈ ਤਾਂ ਰੌਲਾ ਪਾਇਆ ਜਾਂਦਾ ਹੈ।

Exit mobile version