‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਕੇ ਉਹਨਾਂ ਦੀ ਕੈਦ ਵਿਚੋਂ ਰਿਹਾਈ ਦਾ ਰਾਹ ਪੱਧਰਾ ਕਰ ਕੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰਨ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਦੁਨੀਆਂ ਵਿਚ ਪੰਜਾਬੀਆਂ ਦੇ ਨਾਲ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਵਿਚ ਦੇਰੀ ਇਸ ਰ ਕੇ ਹੋਈ ਕਿਉਂਕਿ ਕੇਂਦਰ ਸਰਕਾਰ ਨੇ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਲਏ ਆਪਣੇ ਫੈਸਲੇ ’ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਪਿਛਲੇ 27 ਸਾਲਾਂ ਤੋਂ 8 ਗੁਣਾ 8 ਦੀ ਚੱਕੀ ਬੰਦ ਵਿਚ ਬੰਦ ਹਨ ਤੇ ਉਹਨਾਂ ਨੂੰ ਅੱਜ ਤੱਕ ਪੈਰੋਲ ਵੀ ਨਹੀਂ ਮਿਲੀ। ਉਹਨਾਂ ਕਿਹਾ ਕਿ ਕਿਉਂਕਿ ਉਹਨਾਂ ਨੇ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਇਸ ਲਈ ਉਹਨਾਂ ਨੂੰ ਫੌਰੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਹੀ ਟਿੱਪਣੀ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਫੈਸਲਾ ਲੈਣ ਵਿਚ ਬੇਲੋੜੀ ਦੇਰੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭਲਕੇ ਤੱਕ ਫੈਸਲਾ ਲੈਣ ਵਾਸਤੇ ਆਖਿਆ ਹੈ ਤਾਂ ਕੇਂਦਰ ਸਰਕਾਰ ਨੂੰ ਗੈਰ ਸਾਧਾਰਣ ਹਾਲਾਤਾਂ ਨੂੰ ਵੇਖਦਿਆਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਨਾ ਕਰਨ ਨਾਲ ਘੱਟ ਗਿਣਤੀ ਭਾਈਚਾਰੇ ਵਿਚ ਗਲਤ ਸੰਦੇਸ਼ ਜਾਵੇਗਾ। ਉਹਨਾਂ ਬਿਲਕਿਸ ਬਾਨੋ ਕੇਸ ਜਿਸ ਵਿਚ ਜਬਰ ਜਨਾਹ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ, ਦੀ ਗੱਲ ਕਰਦਿਆਂ ਕਿਹਾ ਕਿ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਘੱਟ ਗਿਣਤੀਆਂ ਵਾਸਤੇ ਦੇਸ਼ ਵਿਚ ਨਿਯਮ ਵੱਖਰੇ ਹਨ। ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਲੋਕਾਂ ਨੂੰ ਮਾਰਨ ਵਾਲੇ ਪੁਲਿਸ ਅਫਸਰਾਂ ਦੀ ਸਜ਼ਾ ਮੁਆਫੀ ਦੀ ਗੱਲ ਕਰਦਿਆਂ ਕਿਹਾ ਕਿ ਭਾਈ ਰਾਜੋਆਣਾ ਦਾ ਮਾਮਲਾ ਰਹਿਮ ਲਈ ਇਕ ਢੁਕਵਾਂ ਮਾਮਲਾ ਹੈ। ਉਹਨਾਂ ਕਿਹਾ ਕਿ ਗੰਭੀਰ ਤੌਰ ’ਤੇ ਭੜਕਣ ਕਾਰਨ ਜੋ ਕਾਰਵਾਈਆਂ ਉਹਨਾਂ ਨੇ ਕੀਤੀਆਂ, ਉਹਨਾਂ ਦੀ ਸਜ਼ਾ ਉਹ ਭੁਗਤ ਚੁੱਕੇ ਹਲ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਹਮਲੇ ਤੇ ਫਿਰ ਕਾਂਗਰਸ ਸਰਕਾਰ ਵੱਲੋਂ 1984 ਵਿਚ ਕਰਵਾਈ ਗਈ ਸਿੱਖ ਨਸਲਕੁਸ਼ੀ ਤੋਂ ਔਖੇ ਸਨ। ਉਹਨਾਂ ਕਿਹਾ ਕਿ ਉਹ ਇਕ ਕੈਦੀ ਵਜੋਂ ਪੂਰੇ ਜ਼ਾਬਤੇ ਵਿਚ ਰਹੇ ਹਨ ਤੇ ਉਹਨਾਂ ਨੂੰ ਕੈਦ ਵਿਚੋਂ ਰਿਹਾਅ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਆਪਣੀ ਉਮਰ ਕੈਦ ਪੂਰੀ ਕਰ ਲਈ ਹੈ।
ਮਜੀਠੀਆ ਨੇ ਕਿਹਾ ਕਿ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਉਹ ਸਿਰਫ ਭਾਵਨਾਵਾਂ ਦੇ ਵਹਿਣ ਵਿਚ ਵਗ ਤੁਰੇ ਸਨ। ਉਹਨਾਂ ਕਿਹਾ ਕਿ ਉਮਰ ਕੈਦ ਪੂਰੀ ਕਰਨ ਮਗਰੋਂ ਵੀ ਵਿਅਕਤੀ ਨੂੰ ਜੇਲ੍ਹ ਵਿਚ ਰੱਖਣਾ ਉਸਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ। ਉਹਨਾਂ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਲਈ ਕੰਮ ਕਰਦਿਆਂ ਫਿਰਕਿਆਂ ਦਾ ਧਰੁਵੀਕਰਨ ਕਰਨ ਦਾ ਯਤਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬੀ ਇਸ ਮਾਮਲੇ ਨੂੰ ਹੁਣ ਬੰਦ ਕਰਨਾ ਚਾਹੁੰਦੇ ਹਨ ਤੇ ਅਜਿਹਾ ਕਰਨ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਮਜ਼ਬੂਤੀ ਮਿਲੇਗੀ।