The Khalas Tv Blog Punjab ਮਜੀਠਿਆ ਨੇ ਕੀਤੀ ਬੈਰਕ ਬਦਲਣ ਦੀ ਮੰਗ, ਕਿਹਾ ‘ਮੈਂ ਸਾਬਕਾ ਮੰਤਰੀ ਹਾਂ, ਮੈਨੂੰ ਆਰੇਂਜ ਕੈਟਗਰੀ ਵਿੱਚ ਰੱਖੋ’
Punjab

ਮਜੀਠਿਆ ਨੇ ਕੀਤੀ ਬੈਰਕ ਬਦਲਣ ਦੀ ਮੰਗ, ਕਿਹਾ ‘ਮੈਂ ਸਾਬਕਾ ਮੰਤਰੀ ਹਾਂ, ਮੈਨੂੰ ਆਰੇਂਜ ਕੈਟਗਰੀ ਵਿੱਚ ਰੱਖੋ’

ਮੁਹਾਲੀ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਿਊ ਨਾਭਾ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਹ ਸਾਬਕਾ ਵਿਧਾਇਕ ਅਤੇ ਮੰਤਰੀ ਹਨ। ਉਹ ਆਰੇਂਜ ਕੈਟਗਰੀ ‘ਚ ਆਉਂਦੇ ਹਨ। ਉਨ੍ਹਾਂ ਨੂੰ ਮੁਕੱਦਮੇ ਅਧੀਨ ਕੈਦੀਆਂ ਅਤੇ ਸਜ਼ਾ ਕੱਟ ਰਹੇ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ।

ਜਾਣਕਾਰੀ ਮੁਤਾਬਕ ਬਿਕਰਮ ਮਜੀਠਿਆ ਦੀ ਬੈਰਕ ਅੰਦਰ ਤੇ ਬਾਹਰ ਕੈਮਰੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਮਜੀਠਿਆ ਦੀ ਬੈਰਕ ‘ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਤਾਂ ਕਿ ਉਨ੍ਹਾਂ ਦੀ ਸੁਰੱਖਿਆ ਰੱਖੀ ਜਾ ਸਕੇ।

ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਜੀਠਿਆ ਨੂੰ ਆਮ ਕੈਦੀਆਂ ਵਾਂਗ ਰੱਖਿਆ ਜਾਵੇਗਾ ਤੇ ਆਮ ਕੈਦੀਆਂ ਵਾਂਗ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾਵਾਂ ਨਹੀਂ ਮਿਲਣਗੀਆਂ।

ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ 540 ਕਰੋੜ ਰੁਪਏ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ ਨੂੰ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਰਿਹਾਇਸ਼ ਸਮੇਤ ਕਈ ਹੋਰ ਥਾਂਵਾਂ ਦੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਨੂੰ ਉਸ ਹੀ ਦਿਨ ਹਿਰਾਸਤ ‘ਚ ਲੈ ਲਿਆ ਗਿਆ ਸੀ। ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ 29 ਮੋਬਾਈਲ ਫ਼ੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਈਰੀਆਂ ਤੇ ਹੋਰ ਦਸਤਾਵੇਜ਼ ਹੱਥ ਲੱਗੇ ਸਨ।

 

Exit mobile version