The Khalas Tv Blog Punjab ਲੁਧਿਆਣਾ ’ਚ SHO ਖ਼ਿਲਾਫ਼ FIR ਦਰਜ, ASI ਗ੍ਰਿਫ਼ਤਾਰ, 2.70 ਲੱਖ ਦੀ ਰਿਸ਼ਵਤ ਦੇ ਇਲਜ਼ਾਮ
Punjab

ਲੁਧਿਆਣਾ ’ਚ SHO ਖ਼ਿਲਾਫ਼ FIR ਦਰਜ, ASI ਗ੍ਰਿਫ਼ਤਾਰ, 2.70 ਲੱਖ ਦੀ ਰਿਸ਼ਵਤ ਦੇ ਇਲਜ਼ਾਮ

ਚੰਡੀਗੜ੍ਹ: ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਏਐਸਆਈ ਚਰਨਜੀਤ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਨ ਤੋਂ ਇੱਕ ਮਹੀਨੇ ਬਾਅਦ ਸ਼ਨੀਵਾਰ ਰਾਤ ਇੰਸਪੈਕਟਰ ਜਗਜੀਤ ਸਿੰਘ ਨਾਗਪਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਕਾਰਵਾਈ ਏ.ਐਸ.ਆਈ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਅਮਲ ਵਿੱਚ ਲਿਆਂਦੀ ਗਈ, ਜਿਸ ਨੂੰ ਵਿਜੀਲੈਂਸ ਬਿਊਰੋ ਨੇ 8 ਜੁਲਾਈ ਨੂੰ ਇਕ ਹੋਟਲ ਮਾਲਕ ਤੋਂ 2,70,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਏਐਸਆਈ ਨੇ ਦੱਸਿਆ ਕਿ ਉਸ ਨੇ ਇੰਸਪੈਕਟਰ ਦੇ ਕਹਿਣ ’ਤੇ ਇਹ ਰਿਸ਼ਵਤ ਮੰਗੀ ਸੀ।

ਐਸਐਚਓ ਨਾਗਪਾਲ ਫਰਾਰ

ਜਾਣਕਾਰੀ ਮੁਤਾਬਕ ਇੰਸਪੈਕਟਰ ਜਗਜੀਤ ਸਿੰਘ ਨਾਗਪਾਲ ਫਰਾਰ ਹਨ। ਵਿਜੀਲੈਂਸ ਬਿਊਰੋ ਨੇ ਜਦੋਂ ਏ.ਐਸ.ਆਈ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਥਾਣਾ ਡਵੀਜ਼ਨ ਨੰਬਰ 5 ਵਿੱਚ ਐਸ.ਐਚ.ਓ. ਤਾਇਨਾਤ ਸੀ, ਪਰ ਬਾਅਦ ਵਿੱਚ ਉਸਦਾ ਪੁਲਿਸ ਲਾਈਨ ਤਬਾਦਲਾ ਕਰ ਦਿੱਤਾ ਗਿਆ। ਜਿਵੇਂ ਹੀ ਇੰਸਪੈਕਟਰ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਉਹ ਵਿਭਾਗ ਨੂੰ ਬਿਨਾਂ ਦੱਸੇ ਫਰਾਰ ਹੋ ਗਏ।

ਐਸਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪਾਇਆ ਕਿ ਮੁਲਜ਼ਮ ਇੰਸਪੈਕਟਰ ਵਿਭਾਗ ਨੂੰ ਬਿਨਾਂ ਦੱਸੇ ਡਿਊਟੀ ਤੋਂ ਗਾਇਬ ਸੀ। ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੂੰ ਇਹ ਵੀ ਪਤਾ ਲੱਗਾ ਕਿ ਇੰਸਪੈਕਟਰ ਕਿਰਾਏ ਦੇ ਆਲੀਸ਼ਾਨ ਮਕਾਨ ਵਿੱਚ ਰਹਿ ਰਿਹਾ ਸੀ, ਜਿਸ ਦਾ ਮਹੀਨਾਵਾਰ ਕਿਰਾਇਆ ਲੱਖਾਂ ਰੁਪਏ ਹੈ। ਵਿਜੀਲੈਂਸ ਬਿਊਰੋ ਨੇ ਘਰ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ?

2 ਜੁਲਾਈ ਨੂੰ ਜਵਾਹਰ ਨਗਰ ਕੈਂਪ ਸਥਿਤ ਹੋਟਲ ਤਾਜ ਦੇ ਮਾਲਕ ਕਮਲਜੀਤ ਆਹੂਜਾ ਦੀ ਸ਼ਿਕਾਇਤ ’ਤੇ ਵਿਜੀਲੈਂਸ ਬਿਊਰੋ ਨੇ ਏ.ਐਸ.ਆਈ ਚਰਨਜੀਤ ਸਿੰਘ ਖਿਲਾਫ 2,70,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਉਕਤ ਏਐਸਆਈ ਨੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਕਤ ਥਾਣੇ ਵਿੱਚ ਪਹਿਲਾਂ ਹੀ ਦਰਜ ਕੇਸ ਵਿੱਚ ਆਈਪੀਸੀ ਦੀ ਧਾਰਾ 307, 379-ਬੀ ਜੋੜਨ ਦੀ ਧਮਕੀ ਦੇ ਕੇ ਹੋਰ ਰਿਸ਼ਵਤ ਦੀ ਮੰਗ ਕੀਤੀ ਸੀ।

ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਇਹ ਸਾਬਤ ਹੋ ਗਿਆ ਹੈ ਕਿ ਏਐਸਆਈ ਚਰਨਜੀਤ ਸਿੰਘ ਨੇ ਇਸ ਥਾਣੇ ਦੇ ਐਸਐਚਓ ਦੇ ਨਾਮ ’ਤੇ 2,70,000 ਰੁਪਏ ਦੀ ਰਿਸ਼ਵਤ ਲਈ ਸੀ ਅਤੇ ਇਜਾਜ਼ਤ ਦੇਣ ਬਦਲੇ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੂੰ ਏਐਸਆਈ ਨੇ 8 ਜੁਲਾਈ ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਪੁੱਛਗਿੱਛ ਦੌਰਾਨ ਏਐਸਆਈ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਇੰਸਪੈਕਟਰ ਦੇ ਕਹਿਣ ’ਤੇ ਰਿਸ਼ਵਤ ਲਈ ਸੀ।

Exit mobile version