ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜੇਤੂ ਜਸਦੇਵ ਨਗਰ ਦੇ ਰਹਿਣ ਵਾਲੇ ਈਸ਼ਪ੍ਰੀਤ ਸਿੰਘ ਦੀ ਸੋਮਵਾਰ ਨੂੰ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਆਉਣ ਮਗਰੋਂ ਈਸ਼ਪ੍ਰੀਤ ਆਪਣੇ ਰਿਟਾਇਰਡ ਸੂਬੇਦਾਰ ਦਾਦਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ। ਇਸੇ ਦੌਰਾਨ ਗੋਲੀ ਚੱਲੀ ਤੇ ਸਿੱਧੇ ਉਸ ਦੇ ਸਿਰ ਵਿੱਚ ਜਾ ਲੱਗੀ।
ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਕਮਰੇ ‘ਚ ਪਹੁੰਚਿਆ ਤਾਂ ਇਸ਼ਪ੍ਰੀਤ ਖੂਨ ਨਾਲ ਲੱਥਪੱਥ ਪਈ ਸੀ। ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ਼ਪ੍ਰੀਤ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ ਵਿਦੇਸ਼ ਵਿਚ ਪੜ੍ਹਦੀ ਹੈ ਅਤੇ ਦੂਜੀ ਉਨ੍ਹਾਂ ਨਾਲ ਰਹਿੰਦੀ ਹੈ। ਇਸ਼ਪ੍ਰੀਤ ਖੁਦ ਇੱਕ ਨਿਸ਼ਾਨੇਬਾਜ਼ ਸੀ ਅਤੇ 20 ਦਿਨ ਪਹਿਲਾਂ ਚੰਡੀਗੜ੍ਹ ਵਿੱਚ ਹੋਈ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤ ਚੁੱਕਾ ਸੀ। ਇਸ਼ਪ੍ਰੀਤ ਦੇ ਪਿਤਾ ਅਨੂਪ ਸਿੰਘ ਵੀ ਕੁਝ ਦਿਨ ਪਹਿਲਾਂ ਆਪਣੀ ਧੀ ਕੋਲ ਕੈਨੇਡਾ ਗਏ ਸਨ।
ਸੋਮਵਾਰ ਨੂੰ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਜਦੋਂ ਇਸ਼ਪ੍ਰੀਤ ਕਰੀਬ ਡੇਢ ਵਜੇ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਦਾਦਾ ਰਣਜੋਤ ਸਿੰਘ ਦਾ ਲਾਇਸੈਂਸੀ ਰਿਵਾਲਵਰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੋਲੀ ਚੱਲ ਕੇ ਉਸ ਦੇ ਸਿਰ ਵਿੱਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਇਸ਼ਪ੍ਰੀਤ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਸ਼ਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਸਕੂਲ ਵਿੱਚ ਵੀ ਮਾਤਮ ਛਾਇਆ ਹੋਇਆ ਹੈ। ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।