ਲੁਧਿਆਣਾ ਵਿੱਚ ਦੇਰ ਰਾਤ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ। ਕੁੱਟਮਾਰ ਕਾਰਨ ਬੇਹੋਸ਼ ਹੋਣ ਤੋਂ ਬਾਅਦ ਕੱਚ ਦੀ ਬੋਤਲ ਨਾਲ ਉਸ ਦਾ ਗਲਾ ਵੱਢ ਦਿੱਤਾ ਗਿਆ। ਮ੍ਰਿਤਕ ਦਾ ਗਲਾ 3 ਇੰਚ ਤੱਕ ਕੱਟਿਆ ਹੋਇਆ ਸੀ। ਇੱਕ ਦਿਨ ਪਹਿਲਾਂ ਸਿਗਰਟ ਖ਼ਰੀਦਣ ਵੇਲੇ ਉਸ ਦੀ ਢਾਬਾ ਸੰਚਾਲਕ ਨਾਲ ਝਗੜਾ ਹੋ ਗਿਆ ਸੀ।
ਮ੍ਰਿਤਕ ਦੀ ਪਛਾਣ 45 ਸਾਲਾ ਪਵਨ ਵਾਸੀ ਸਮਸਤੀਪੁਰ (ਬਿਹਾਰ) ਵਜੋਂ ਹੋਈ ਹੈ। ਲੋਕਾਂ ਅਨੁਸਾਰ ਉਹ ਹੌਜ਼ਰੀ ਅਤੇ ਮਜ਼ਦੂਰੀ ਦੋਵੇਂ ਕੰਮ ਕਰਦਾ ਸੀ। ਮ੍ਰਿਤਕ ਦੇ ਛੋਟੇ ਭਰਾ ਸੰਜੀਵ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਐਤਵਾਰ ਰਾਤ ਨੂੰ ਉਹ ਆਪਣੇ ਵੱਡੇ ਭਰਾ (ਪਵਨ) ਨਾਲ ਰਾਜ ਦੇ ਢਾਬੇ ‘ਤੇ ਸਿਗਰਟ ਲੈਣ ਗਿਆ ਸੀ। ਇਸ ਦੌਰਾਨ ਉਸ ਦੇ ਭਰਾ ਦੀ ਰਾਜ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਪਰ ਉਸ ਸਮੇਂ ਮਾਮਲਾ ਹੱਲ ਹੋ ਗਿਆ।
ਬੀਤੀ ਰਾਤ ਪਵਨ ਢਾਬੇ ਕੋਲ ਬੈਠਾ ਸੀ। ਇਸ ਦੌਰਾਨ ਰਾਜ ਆਪਣੀ ਪਤਨੀ ਅਤੇ ਹੋਰ ਨੌਜਵਾਨਾਂ ਨਾਲ ਮੌਕੇ ‘ਤੇ ਆ ਗਿਆ ਅਤੇ ਪਵਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰਾਜ ਦੀ ਪਤਨੀ ਨੇ ਪਵਨ ਨੂੰ ਡੰਡੇ ਨਾਲ ਕੁੱਟਿਆ। ਜਦੋਂ ਪਵਨ ਬੇਹੋਸ਼ੀ ਦੀ ਹਾਲਤ ‘ਚ ਸੜਕ ‘ਤੇ ਡਿੱਗਿਆ ਤਾਂ ਉਨ੍ਹਾਂ ਨੇ ਕੱਚ ਦੀ ਬੋਤਲ ਉਸ ਦੀ ਗਰਦਨ ‘ਤੇ ਮਾਰ ਦਿੱਤੀ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਲੋਕਾਂ ਨੇ ਤੁਰੰਤ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਮ੍ਰਿਤਕ ਦੇ ਭਰਾ ਸੰਜੀਵ ਨੇ ਮੌਕੇ ‘ਤੇ ਪਹੁੰਚ ਕੇ ਐਂਬੂਲੈਂਸ ਨੂੰ ਬੁਲਾਇਆ। ਸੰਜੀਵ ਅਨੁਸਾਰ 1 ਘੰਟੇ ਤੱਕ ਐਂਬੂਲੈਂਸ ਨਹੀਂ ਆਈ। ਇਸ ਤੋਂ ਬਾਅਦ ਉਹ ਪਵਨ ਨੂੰ ਸਿਵਲ ਹਸਪਤਾਲ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਿਮਲਾ ਪੁਰੀ ਥਾਣੇ ਦੀ ਪੁਲਿਸ ਅਨੁਸਾਰ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਾਤਲਾਂ ਵੱਲੋਂ ਕੀਤੇ ਹਮਲੇ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫ਼ਿਲਹਾਲ ਪਵਨ ਦੀ ਲਾਸ਼ ਨੂੰ ਮੁਰਦਾਘਰ ‘ਚ ਰੱਖਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।