The Khalas Tv Blog Punjab ਲੁਧਿਆਣਾ ‘ਚ 4 ਸਾਲ ਦੇ ਬੱਚੇ ਦੀ ਮੌਤ ਮਾਮਲੇ ‘ਚ ਨਵਾਂ ਮੋੜ ! ਸ਼ੱਕ ਹੋਣ ‘ਤੇ 24 ਘੰਟੇ ਬਾਅਦ ਦਫਨ ਲਾਸ਼ ਨੂੰ ਬਾਹਰ ਕੱਢਿਆ ਗਿਆ !
Punjab

ਲੁਧਿਆਣਾ ‘ਚ 4 ਸਾਲ ਦੇ ਬੱਚੇ ਦੀ ਮੌਤ ਮਾਮਲੇ ‘ਚ ਨਵਾਂ ਮੋੜ ! ਸ਼ੱਕ ਹੋਣ ‘ਤੇ 24 ਘੰਟੇ ਬਾਅਦ ਦਫਨ ਲਾਸ਼ ਨੂੰ ਬਾਹਰ ਕੱਢਿਆ ਗਿਆ !

ਬਿਉਰੋ ਰਿਪੋਰਟ :ਲੁਧਿਆਣਾ ਵਿੱਚ ਇੱਕ ਬੱਚੇ ਦੀ 6 ਸਤੰਬਰ ਨੂੰ ਸ਼ੱਕੀ ਹਾਲ ਵਿੱਚ ਮੌਤ ਤੋਂ ਬਾਅਦ ਉਸ ਨੂੰ ਦਫ਼ਨਾ ਦਿੱਤਾ ਗਿਆ ਸੀ ਪਰ 24 ਘੰਟਿਆਂ ਦੇ ਬਾਅਦ ਹੁਣ ਉਸ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜਿਸ ਹਸਪਤਾਲ ਵਿੱਚ ਬੱਚੇ ਨੂੰ ਇਲਾਜ ਦੇ ਲਈ ਲੈ ਕੇ ਗਏ ਸੀ, ਉਸੇ ਹਸਪਤਾਲ ਦੇ ਸਟਾਫ਼ ਨੇ ਵੱਧ ਮਾਤਰਾ ਵਿੱਚ ਗੁਲੂਕੋਸ ਚੜ੍ਹਾ ਦਿੱਤਾ ਅਤੇ ਜਿਸ ਦੀ ਵਜ੍ਹਾ ਕਰਕੇ ਬੱਚੇ ਦੀ ਮੌਤ ਹੋਈ ।

ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਲੁਕਾਉਣ ਦੇ ਲਈ ਬੱਚੇ ਨੂੰ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ । ਜਦੋਂ ਉਹ ਬੱਚੀ ਨੂੰ ਲੈ ਕੇ ਦੂਜੇ ਹਸਪਤਾਲ ਜਾ ਰਹੇ ਸਨ ਤਾਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਬੱਚੇ ਦਾ ਨਾਂ ਪ੍ਰਤਾਪ ਕੁਮਾਰ ਸੀ ਅਤੇ ਉਸ ਦੀ ਉਮਰ 4 ਸਾਲ ਸੀ।

ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜੀ

ਬੱਚੇ ਪ੍ਰਤਾਪ ਦੇ ਪਿਤਾ ਪਵਨ ਨੇ ਦੱਸਿਆ ਕਿ ਉਹ 33 ਫੁੱਟਾ ਰੋਡ ‘ਤੇ ਰਹਿਣ ਵਾਲੇ ਹਨ,ਉਨ੍ਹਾਂ ਦੇ ਪੁੱਤਰ ਨੇ 6 ਸਤੰਬਰ ਨੂੰ ਰਾਤ ਖਾਣਾ ਖਾਧਾ । ਇਸ ਦੇ ਬਾਅਦ ਅਚਾਨਕ ਉਸ ਦੀ ਤਬੀਅਤ ਵਿਗੜ ਗਈ । ਬੱਚੇ ਨੂੰ ਲੈ ਕੇ ਉਹ 33 ਫੁੱਟ ਰੋਡ ਨਜ਼ਦੀਕ ਸੁੰਦਰ ਨਗਰ ਚੌਕ ਦੇ ਨਿੱਜੀ ਹਸਪਤਾਲ ਪਹੁੰਚੇ ਜਿੱਥੇ ਪੁੱਤਰ ਪ੍ਰਤਾਪ ਨੂੰ ਦਾਖਲ ਕਰਵਾਇਆ ਗਿਆ ।

ਪਿਤਾ ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਬੱਚੇ ਦਾ ਇਲਾਜ ਨਹੀਂ ਕੀਤਾ ਜਦਕਿ ਗੁਲੂਕੋਸ ਹਸਪਤਾਲ ਵਿੱਚ ਡਾਕਟਰ ਦੇ ਸਹਾਇਕ ਨੇ ਲਗਾਇਆ । ਪਿਤਾ ਪਵਨ ਨੇ ਕਿਹਾ ਉਨ੍ਹਾਂ ਨੂੰ ਸ਼ੱਕ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਗੁਲੂਕੋਸ ਵੱਧ ਮਾਤਰਾ ਦੀ ਵਜ੍ਹਾ ਨਾਲ ਹੋਈ ਹੈ ।

7 ਸਤੰਬਰ ਬੱਚੇ ਨੂੰ ਦਫ਼ਨਾਇਆ ਗਿਆ

ਪਵਨ ਨੇ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਹੁੰਦੀ ਵੇਖ ਡਾਕਟਰ ਨੇ ਵੱਡੇ ਹਸਪਤਾਲ ਜਾਣ ਨੂੰ ਕਿਹਾ । ਸਾਡੇ ਕੋਲ ਪੈਸੇ ਨਹੀਂ ਸੀ ਇਸੇ ਲਈ ਅਸੀਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ । ਪਰ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ । ਜਿਸ ਤੋਂ ਬਾਅਦ 7 ਸਤੰਬਰ ਨੂੰ ਉਸ ਨੂੰ ਦਫ਼ਨ ਕੀਤਾ ਗਿਆ ।

ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਿਤਾ ਪਵਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਫਿਰ 24 ਘੰਟੇ ਬਾਅਦ ਪੁੱਤਰ ਪ੍ਰਤਾਪ ਨੂੰ ਕਬਰ ਤੋਂ ਬਾਹਰ ਕੱਢਿਆ ਗਿਆ ਹੈ । ਬੱਚੇ ਦੀ ਮ੍ਰਿਤਕ ਦੇਹ ਪੋਸਟਮਾਰਟਮ ਦੇ ਲਈ ਰੱਖੀ ਗਈ ਹੈ । ਜਿਸ ਤੋਂ ਬਾਅਦ ਹੀ ਅਸਲ ਕਾਰਨ ਸਾਹਮਣੇ ਆਵੇਗਾ । ਫ਼ਿਲਹਾਲ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ ।

ਹਸਪਤਾਲ ਪ੍ਰਸ਼ਾਸਨ ਦੀ ਸਫ਼ਾਈ

ਇਸ ਮਾਮਲੇ ਵਿੱਚ ਨਿੱਜੀ ਹਸਪਤਾਲ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਬੱਚੇ ਨੂੰ ਜਿਸ ਹਾਲਤ ਵਿੱਚ ਲੈ ਕੇ ਆਏ ਸਨ ਉਸ ਵੇਲੇ ਪਲੇਟਲੇਟ ਸੈੱਲ ਸਿਰਫ਼ 17 ਹਜ਼ਾਰ ਸੀ ਜਦਕਿ ਇਹ ਡੇਢ ਲੱਖ ਹੋਣੇ ਚਾਹੀਦੇ ਸੀ । ਇਨਸਾਨੀਅਤ ਦੇ ਨਾਤੇ ਉਨ੍ਹਾਂ ਨੇ ਆਪਣੀ ਗੱਡੀ ਫ਼ਰੀ ਵਿੱਚ ਬੱਚੇ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਉਣ ਲਈ ਦਿੱਤੀ । ਹਸਪਤਾਲ ਦੇ ਮਾਲਕ ਨੇ ਕਿਹਾ ਸਾਨੂੰ ਪੁਲਿਸ ਜਾਂਚ ‘ਤੇ ਪੂਰਾ ਯਕੀਨ ਹੈ।

Exit mobile version