ਲੁਧਿਆਣਾ : ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਇੱਕ ਹੋਸ਼ ਉਡਾਉਣ ਦੇ ਨਾਲ ਅਲਰਟ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਰਾਤ ਵੇਲੇ ਇੱਕ ਕਾਰੋਬਾਰੀ ਘਰ ਜਾ ਰਿਹਾ ਸੀ,ਸ਼ੋਅਰੂਮ ਬੰਦ ਕਰਨ ਤੋਂ ਬਾਅਦ ਉਹ 11 ਲੱਖ ਕੈਸ਼ ਵੀ ਨਾਲ ਲੈ ਕੇ ਨਿਕਲਿਆ। ਉਸ ਦੇ ਕੋਲ 2 ਬਾਈਕ ਸਵਾਰ ਆਏ ਅਤੇ ਕਹਿਣ ਲੱਗੇ ਅੰਕਲ ਤੁਹਾਡੀ ਕਾਰ ਦਾ ਟਾਇਰ ਪੈਂਚਰ ਹੈ । ਕਾਰੋਬਾਰੀ ਫੌਰਨ ਉਨ੍ਹਾਂ ਦੀ ਗੱਲਾਂ ਵਿੱਚ ਆ ਗਿਆ ਅਤੇ ਉਹ ਟਾਇਰ ਬਦਲਣ ਲੱਗਿਆ। ਬਸ ਫਿਰ ਕੀ ਸੀ ਜਦੋਂ ਕਾਰੋਬਾਰੀ ਆਪਣੀ ਗੱਡੀ ਦੇ ਕੋਲ ਗਿਆ ਤਾਂ ਉਸ ਦੇ ਹੋਸ਼ ਉੱਡ ਗਏ । ਗੱਡੀ ਵਿੱਚ ਰੱਖਿਆ 11 ਲੱਖ ਦਾ ਬੈਗ ਗਾਇਬ ਸੀ।
ਜਿਸ ਵੇਲੇ ਕਾਰੋਬਾਰੀ ਆਪਣੀ ਗੱਡੀ ਦਾ ਟਾਇਰ ਬਦਲ ਰਿਹਾ ਸੀ ਉਸੇ ਦੌਰਾਨ ਹੀ ਬਾਈਕ ਸਵਾਰ ਚੋਰਾਂ ਨੇ ਗੱਡੀ ਤੋਂ ਬਹੁਤ ਹੀ ਹੁਸ਼ਿਆਰੀ ਦੇ ਨਾਲ ਬੈਗ ਕੱਢਿਆ ਅਤੇ ਬਾਈਕ ‘ਤੇ ਫਰਾਰ ਹੋ ਗਏ । ਕਾਰੋਬਾਰੀ ਮੁਤਾਬਿਕ ਬਾਈਕ ‘ਤੇ 2 ਨੌਜਵਾਨ ਸਨ,ਕੁਝ ਹੀ ਦੂਰੀ ‘ਤੇ ਉਨ੍ਹਾਂ ਦਾ ਬਾਈਕ ਮਿਲੀ। ਕਿਉਕਿ ਬਾਈਕ ਚੋਰੀ ਦਾ ਹੋਣਾ ਹੈ ਇਸ ਲਈ ਮੁਲਜ਼ਮ ਥੋੜ੍ਹੀ ਦੂਰੀ ‘ਤੇ ਹੀ ਬਾਈਕ ਛੱਡ ਕੇ ਫਰਾਰ ਹੋ ਗਏ।
ਗੱਡੀ ਕੋਲ ਪਹੁੰਚਣ ‘ਤੇ ਪਤਾ ਚੱਲਿਆ
ਕਾਰੋਬਾਰੀ ਸ਼ਿਵਕੁਮਾਰ ਨੇ ਦੱਸਿਆ ਜਦੋਂ ਗੱਡੀ ਵਿੱਚ ਪੈਂਚਰ ਨਹੀਂ ਮਿਲਿਆ ਤਾਂ ਉਹ ਗੱਡੀ ਵਿੱਚ ਘਰ ਲਈ ਨਿਕਲੇ,ਉਸੇ ਵੇਲੇ ਉਨ੍ਹਾਂ ਦਾ ਧਿਆਨ ਕਾਰ ਵਿੱਚ ਰੱਖੇ ਕੈਸ਼ ਬੈਗ ‘ਤੇ ਪਿਆ। ਪੂਰੀ ਗੱਡੀ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਬੈਗ ਨਹੀਂ ਮਿਲਿਆ, ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਉਨ੍ਹਾਂ ਨੇ ਦੱਸਿਆ ਕਿ 2 ਨੌਜਵਾਨ ਗੱਡੀ ਦੇ ਕੋਲ ਖੜੇ ਸਨ,ਉਹ ਹੀ ਗੱਡੀ ਤੋਂ ਪੈਸੇ ਚੋਰੀ ਕਰਕੇ ਲੈ ਗਏ ਹੋਣਗੇ।
CCTV ਵਿੱਚ ਹੋਇਆ ਖੁਲਾਸਾ
ਕਾਰੋਬਾਰੀ ਸ਼ਿਵਕੁਮਾਰ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਤਾਂ ਮੌਕੇ ‘ਤੇ DCP ਕ੍ਰਾਇਮ ਅਤੇ ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚੀ । ਆਲੇ-ਦੁਆਲੇ ਦੇ ਕੈਮਰੇ ਚੈੱਕ ਕੀਤੇ ਤਾਂ ਖੁਲਾਸਾ ਹੋਇਆ। ਪੁਲਿਸ ਦੇ ਮੁ੍ਤਾਬਿਕ ਦੋਵੇ ਬਾਈਕ ਸਵਾਰ ਕਾਰੋਬਾਰੀ ਜਲੰਧਰ ਦੇ ਸ਼ੋਅਰੂਮ ਤੋਂ ਪਿੱਛਾ ਕਰ ਰਹੇ ਸਨ,ਫਿਲਹਾਲ ਪੁਲਿਸ ਦੋਵਾਂ ਦੀ ਤਲਾਸ਼ ਕਰ ਰਹੀ ਹੈ, ਪਰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸ਼ੋਅਰੂਮ ਦਾ ਕੋਈ ਮੁਲਾਜ਼ਮ ਜਾਂ ਕਰੀਬੀ ਵੀ ਸ਼ਾਮਲ ਹੋ ਸਕਦਾ ਹੈ। ਕਿਉਂਕਿ ਚੋਰੀ ਕਰਨ ਵਾਲੇ ਨੂੰ ਕਾਰੋਬਾਰੀ ਦੇ ਕਿਸੇ ਨਜ਼ਦੀਕੀ ਨੇ ਕੈਸ਼ ਬਾਰੇ ਜਾਣਕਾਰੀ ਦਿੱਤੀ ਹੋ ਸਕਦੀ ਹੈ। ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛ-ਗਿੱਛ ਕਰ ਸਕਦੀ ਹੈ ਜਿਸ ਤੋਂ ਬਾਅਦ ਚੋਰਾਂ ਨੂੰ ਵੀ ਫੜਿਆ ਜਾ ਸਕਦਾ ਹੈ ।