The Khalas Tv Blog Punjab ਪੰਜਾਬ ਵਿੱਚ ਗੈਸ ਦੀ ਹਾਹਾਕਾਰ: ਬਲੈਕ ਵਿੱਚ ₹3500 ਤੱਕ ਵਿਕ ਰਿਹਾ ਸਿਲੰਡਰ
Punjab

ਪੰਜਾਬ ਵਿੱਚ ਗੈਸ ਦੀ ਹਾਹਾਕਾਰ: ਬਲੈਕ ਵਿੱਚ ₹3500 ਤੱਕ ਵਿਕ ਰਿਹਾ ਸਿਲੰਡਰ

ਚੰਡੀਗੜ੍ਹ (11 ਮਾਰਚ 2026): ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਹੁਣ ਪੰਜਾਬ ਦੀਆਂ ਰਸੋਈਆਂ ਅਤੇ ਕਾਰੋਬਾਰਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਕਮਰਸ਼ੀਅਲ ਐਲ.ਪੀ.ਜੀ. (LPG) ਸਿਲੰਡਰਾਂ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਕਰੀਬ 10,000 ਸ਼ਾਦੀਆਂ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਜਲੰਧਰ ਵਰਗੇ ਸ਼ਹਿਰਾਂ ਵਿੱਚ ਜੋ ਕਮਰਸ਼ੀਅਲ ਸਿਲੰਡਰ 10 ਦਿਨ ਪਹਿਲਾਂ 1600 ਰੁਪਏ ਦਾ ਸੀ, ਉਹ ਹੁਣ ਬਲੈਕ ਵਿੱਚ 3500 ਰੁਪਏ ਤੱਕ ਵਿਕ ਰਿਹਾ ਹੈ।

ਘਰੇਲੂ ਤੇ ਉਦਯੋਗਿਕ ਸਪਲਾਈ ’ਤੇ ਅਸਰ

ਲੁਧਿਆਣਾ ਅਤੇ ਫਰੀਦਕੋਟ ਵਿੱਚ ਸਰਵਰ ਡਾਊਨ ਹੋਣ ਕਾਰਨ ਘਰੇਲੂ ਸਿਲੰਡਰਾਂ ਦੀ ਬੁਕਿੰਗ ਵਿੱਚ ਵੀ ਭਾਰੀ ਦਿੱਕਤ ਆ ਰਹੀ ਹੈ। ਗੈਸ ਕੰਪਨੀਆਂ ਨੇ ਨਵੇਂ ਨਿਯਮਾਂ ਤਹਿਤ ਘਰੇਲੂ ਖਪਤਕਾਰਾਂ ਲਈ ਮਹੀਨੇ ਵਿੱਚ ਸਿਰਫ਼ ਇੱਕ ਵਾਰ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ। 

ਦੂਜੇ ਪਾਸੇ, ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (NFL) ਦੇ ਬਠਿੰਡਾ ਅਤੇ ਨੰਗਲ ਪਲਾਂਟਾਂ ਵਿੱਚ ਗੈਸ ਦੀ ਕਮੀ ਕਾਰਨ ਯੂਰੀਆ ਦਾ ਉਤਪਾਦਨ ਰੁਕ ਗਿਆ ਹੈ। ‘ਗੇਲ’ (GAIL) ਵੱਲੋਂ ਕੁਦਰਤੀ ਗੈਸ ਦੀ ਸਪਲਾਈ ਵਿੱਚ 40% ਦੀ ਕਟੌਤੀ ਕੀਤੇ ਜਾਣ ਕਾਰਨ ਇਨ੍ਹਾਂ ਪਲਾਂਟਾਂ ਨੂੰ ਮਾਰਚ ਵਿੱਚ ਹੀ ਮੇਨਟੇਨੈਂਸ ਦੇ ਨਾਂ ‘ਤੇ ਬੰਦ ਕਰਨਾ ਪਿਆ ਹੈ।

ਧਾਰਮਿਕ ਅਸਥਾਨਾਂ ਦੀ ਸਥਿਤੀ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਦੱਸਿਆ ਕਿ ਗੁਰੂ ਘਰ ਵਿੱਚ ਫਿਲਹਾਲ ਲੰਗਰ ਲਈ ਗੈਸ ਦੀ ਕੋਈ ਕਮੀ ਨਹੀਂ ਹੈ। ਹਾਲਾਂਕਿ, ਗੈਸ ਕੰਪਨੀਆਂ ਨੇ ਪਾਈਪਲਾਈਨ ਅਤੇ ਸਿਲੰਡਰਾਂ ਰਾਹੀਂ ਹੋਣ ਵਾਲੀ ਰੋਜ਼ਾਨਾ ਖਪਤ ਦਾ ਲਿਖਤੀ ਵੇਰਵਾ ਮੰਗਿਆ ਹੈ। ਪੰਜਾਬ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ-ਦੋ ਦਿਨਾਂ ਵਿੱਚ ਸਪਲਾਈ ਬਹਾਲ ਨਾ ਹੋਈ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ।

 

Exit mobile version