ਬਿਉਰੋ ਰਿਪੋਟਰ – (Sangrur Lok Sabha Seat 2024) ਸੰਗਰੂਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਲੋਕਸਭਾ ਟਿਕਟ ਨਾ ਮਿਲਣ ਤੋਂ ਨਰਾਜ਼ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂਰਾ (Dalvir Singh Goldy Khangura) ਨੇ ਪਾਰਟੀ ਛੱਡਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਇੱਕ ਪੋਸਟ ਪਾ ਕੇ ਲਿਖਿਆ ਹੈ ‘ਮੈਂ ਨਵਾਂ ਰਸਤਾ ਤਲਾਸ਼ਣ ਦੀ ਸੋਚ ਰਿਹਾ ਹਾਂ, ਕਿੰਨਾ ਚਿਰ ਪੁਰਾਣੇ ਰਸਤੇ ’ਤੇ ਤਲਾਸ਼ ਕਰਦੇ ਰਹਾਂਗੇ। ਰੁਕ ਗਈ ਇਸ ਜ਼ਿੰਦਗੀ ਨੂੰ ਹੁਣ ਧੱਕੇ ਦੀ ਜ਼ਰੂਰਤ ਹੈ। ਇੱਕ ਵਾਰ ਸ਼ੁਰੂ ਕਰਾਂਗੇ ਤਾਂ ਫਿਰ ਅੱਗੇ ਵਧਦੇ ਰਹਾਂਗੇ। ਹਨੇਰੀ ਰਾਤ ਵਿੱਚ ਰੋਸ਼ਨੀ ਦੀ ਜ਼ਰੂਰਤ ਹੈ। ਦੀਵੇ ਨਹੀਂ ਜੁਗਨੂੰ ਸਹੀ, ਪਰ ਜਗਦੇ ਰਹਾਂਗੇ।’
ਦਲਵੀਰ ਗੋਲਡੀ ਦਾ ਨਵਾਂ ਸਿਆਸੀ ਰਸਤਾ ਕਿੱਥੇ ਜਾਂਦਾ ਹੈ?
ਦਲਵੀਰ ਸਿੰਘ ਗੋਲਡੀ ਕਿਹੜੇ ਨਵੇਂ ਰਸਤੇ ਦੀ ਗੱਲ ਕਰ ਰਹੇ ਹਨ, ਇਸ ਬਾਰੇ ਉਨ੍ਹਾਂ ਨੇ ਖ਼ੁਲਾਸਾ ਨਹੀਂ ਕੀਤਾ। ਪਰ ਮੰਨਿਆ ਜਾਂਦਾ ਹੈ ਕਿ ਸਿਆਸਤਦਾਨਾਂ ਦਾ ਨਵਾਂ ਰਸਤਾ ਅਕਸਰ ਪਾਲਾ ਬਦਲਣ ਵੱਲ ਇਸ਼ਾਰਾ ਕਰਦਾ ਹੈ। ਹੁਣ ਇਹ ਰਸਤਾ ਕਿਸ ਪਾਰਟੀ ਨੂੰ ਜਾਂਦਾ ਹੈ ਇਹ ਵੇਖਣਾ ਹੋਵੇਗਾ। ਬੀਜੇਪੀ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਸੰਗਰੂਰ ਸੀਟ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਹਨ।
ਵੈਸੇ ਸੰਗਰੂਰ ਸੀਟ ‘ਤੇ ਬੀਜੇਪੀ ਵੱਲੋਂ ਅਰਵਿੰਦ ਖੰਨਾ ਦਾ ਨਾਂ ਅੱਗੇ ਚੱਲ ਰਿਹਾ ਹੈ। ਖ਼ਬਰ ਇਹ ਵੀ ਆ ਰਹੀ ਹੈ ਕਿ ਗੋਲਡੀ ਦਾ ਨਵਾਂ ਰਸਤਾ ਆਮ ਆਦਮੀ ਪਾਰਟੀ ਵੱਲ ਵੀ ਜਾ ਸਕਦਾ ਹੈ। ਜੇ ਗੁਰਮੀਤ ਸਿੰਘ ਮੀਤ ਹੇਅਤ ਸੰਗਰੂਰ ਲੋਕਸਭਾ ਸੀਟ ਜਿੱਤ ਦੇ ਹਨ ਤਾਂ ਗੋਲਡੀ ਨੂੰ ਬਰਨਾਲਾ ਸੀਟ ਦੀ ਪੇਸ਼ਕਸ਼ ਹੋ ਸਕਦੀ ਹੈ।
ਸੰਗਰੂਰ ਤੋਂ ਜਦੋਂ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਂ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਫੌਰਨ ਬਾਅਦ ਦਲਵੀਰ ਸਿੰਘ ਗੋਲਡੀ ਨੇ ਇਸੇ ਤਰ੍ਹਾਂ ਆਪਣੀ ਨਰਾਜ਼ਗੀ ਸੋਸ਼ਲ ਮੀਡੀਆ ’ਤੇ ਜ਼ਾਹਰ ਕਰਦੇ ਹੋਏ ਕਿਹਾ ਮੈਨੂੰ ਸੰਗਰੂਰ ਸੀਟ ‘ਤੇ ਤਿਆਰੀ ਕਰਨ ਨੂੰ ਕਿਹਾ ਸੀ ਪਰ ਅਖ਼ੀਰਲੇ ਮੌਕੇ ਮੇਰੀ ਟਿਕਟ ਕੱਟ ਦਿੱਤੀ ਗਈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਾਕਤਵਰ ਉਮੀਦਵਾਰ ਦੀ ਪਰਿਭਾਸ਼ਾ ਕੀ ਹੁੰਦੀ ਹੈ? ਜਦੋਂ 2023 ਦੀ ਜ਼ਿਮਨੀ ਚੋਣ ਕੋਈ ਨਹੀਂ ਲੜਨਾ ਚਾਹੁੰਦਾ ਸੀ ਤਾਂ ਮੈਂ ਲੜੀ, ਉਸ ਵੇਲੇ ਤਾਕਤਵਰ ਉਮੀਦਵਾਰ ਕਿੱਥੇ ਗਿਆ ਸੀ? ਸਿਰਫ਼ ਇੰਨਾਂ ਹੀ ਨਹੀਂ ਗੋਲਡੀ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਪਾਰਟੀ ਵਿੱਚ ਮੌਜੂਦ ਕੁਝ ਆਗੂਆਂ ਨੇ ਉਨ੍ਹਾਂ ਦੀ ਟਿਕਟ ਕੱਟੀ ਹੈ।
ਗੋਲਡੀ ਦੇ ਇਸ ਗੁੱਸੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਗੋਲਡੀ ਨੂੰ ਮਨਾਉਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਸਿਰਫ਼ ਇੰਨਾਂ ਹੀ ਨਹੀਂ, ਗੋਲਡੀ ਕੁਝ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਵੀ ਕਰ ਰਹੇ ਸਨ। ਪਰ ਇੱਕ ਦਮ ਉਨ੍ਹਾਂ ਦੇ ਮਨ ਬਦਲਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਫਿਲਹਾਲ ਸਿਆਸਤ ਵਿੱਚ ਕੁਝ ਵੀ ਨਾਮੁਨਕਿਨ ਨਹੀਂ ਹੈ। ਡੇਢ ਮਹੀਨੇ ਵਿੱਚ ਸਿਆਸੀ ਤਿਤਲੀਆਂ ਨੇ ਉਡਾਰੀਆਂ ਮਾਰ ਕੇ ਕਈ ਵਾਰ ਸਾਬਿਤ ਕੀਤਾ ਹੈ।