The Khalas Tv Blog India ਸਿਆਸਤਦਾਨਾਂ ਦੇ ਡੇਰਾ ਬਿਆਸ ਦੇ ਗੇੜੇ! 5 ਸੀਟਾਂ ’ਤੇ ਅਸਰ, ਇਸ ਵਾਰ ਕਿਸ ਦੇ ਹੱਕ ‘ਚ?
India Lok Sabha Election 2024 Punjab Religion

ਸਿਆਸਤਦਾਨਾਂ ਦੇ ਡੇਰਾ ਬਿਆਸ ਦੇ ਗੇੜੇ! 5 ਸੀਟਾਂ ’ਤੇ ਅਸਰ, ਇਸ ਵਾਰ ਕਿਸ ਦੇ ਹੱਕ ‘ਚ?

ਚੋਣ ਪ੍ਰਚਾਰ ਦੇ ਅਖ਼ੀਰਲੇ ਦੌਰ ਵਿੱਚ ਸਿਆਸਤਦਾਨਾਂ ਨੇ ਹੁਣ ਡੇਰਿਆਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੇਰਾ ਬਿਆਸ ਜਾ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਰਹੇ ਹਨ। ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਸਿਰ ’ਤੇ ਹਨ। ਸਿਰਫ਼ 16 ਦਿਨ ਰਹਿ ਗਏ ਹਨ ਤੇ ਇਸ ਦੇ ਮੱਦੇਨਜ਼ਰ ਲੋਕ ਸਭਾ ਉਮੀਦਵਾਰ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡ ਰਹੇ।

ਡੇਰਾ ਬਿਆਸ ‘ਚ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਪੰਜਾਬ ਹਰਜੋਤ ਬੈਂਸ, ‘ਆਪ’ ਉਮੀਦਵਾਰ ਮਾਲਵਿੰਦਰ ਕੰਗ, ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਜ਼ੀਰਾ ਆਦਿ ਆਗੂ ਡੇਰਾ ਬਿਆਸ ਦਾ ਗੇੜਾ ਲਾ ਚੁੱਕੇ ਹਨ।

ਪਾਰਟੀਆਂ ਦੇ ਉਮੀਦਵਾਰ ਡੇਰਾ ਮੁਖੀ ਨਾਲ ਆਪਣੀ ਮੀਟਿੰਗ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ ਤਾਂ ਜੋ ਉਹ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰ ਸਕਣ।

ਦੱਸ ਦੇਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਤਿੰਨ ਵਾਰ ਡੇਰਾ ਬਿਆਸ ਪੁੱਜੇ ਹਨ। ਹਿਮਾਚਲ ‘ਚ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਪੀਐੱਮ ਮੋਦੀ ਨੇ ਡੇਰਾ ਬਿਆਸ ਪਹੁੰਚ ਕੇ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਸੀ। ਇਸੇ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਪਿਛਲੇ ਹਫ਼ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਡੇਰੇ ਪੁੱਜੇ ਅਤੇ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ।

ਡੇਰੇ ਦਾ ਆਪਣਾ ਮਜ਼ਬੂਤ ​​ਵੋਟ ਬੈਂਕ ਹੈ ਜੋ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫੈਸਲਾ ਕਰਦਾ ਹੈ। ਡੇਰੇ ਨਾਲ ਜੁੜੇ ਸੂਤਰਾਂ ਅਨੁਸਾਰ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ‘ਤੇ ਡੇਰੇ ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਹਿਮਾਚਲ ਵਿੱਚ ਵੀ ਡੇਰੇ ਦੇ ਬਹੁਤ ਸਾਰੇ ਪੈਰੋਕਾਰ ਹਨ।

ਡੇਰਾ ਬਿਆਸ ਦੀ ਇੱਕ ਕਿਤਾਬ ਮੁਤਾਬਕ ਦੇਸ਼ ਭਰ ਵਿੱਚ ਉਨ੍ਹਾਂ ਦੀਆਂ 5 ਹਜ਼ਾਰ ਸ਼ਾਖਾਵਾਂ ਹਨ। ਉਨ੍ਹਾਂ ਦੀਆਂ 99 ਬਾਹਰਲੇ ਦੇਸ਼ਾਂ ਵੀ ਵਿੱਚ ਸ਼ਾਖਾਵਾਂ ਹਨ। ਪੰਜਾਬ ਵਿੱਚ ਉਨ੍ਹਾਂ ਦੇ 80 ਤੋਂ 90 ਸਤਿਸੰਗ ਘਰ ਹਨ। ਇਸ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਅਜਿਹੇ ਸਤਿਸੰਗ ਘਰ ਬਣਾਏ ਗਏ ਹਨ।

ਇਹ ਵੀ ਪੜ੍ਹੋ – ਬਲੈਕਸਟੋਨ ਸਮੇਤ 3 ਵਿਦੇਸ਼ੀ ਕੰਪਨੀਆਂ ਸਾਂਝੇ ਤੌਰ ‘ਤੇ ਹਲਦੀਰਾਮ ਨੂੰ ਖਰੀਦਣਗੀਆਂ
Exit mobile version