ਲਖਨਊ : ਵਾਰਾਨਸੀ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮੁਖਤਾਰ ਅੰਸਾਰੀ ਨਾਲ ਜੁੜੇ 32 ਸਾਲ ਪੁਰਾਣੇ ਮਾਮਲੇ ਵਿੱਚ ਸੋਮਵਾਰ ਨੂੰ ਅਪਣਾ ਫ਼ੈਸਲਾ ਸੁਣਾਇਆ ਹੈ। ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਵਾਰਾਨਸੀ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਸੋਮਵਾਰ ਨੂੰ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਖਤਾਰ ਅੰਸਾਰੀ ਨੂੰ ਅਦਾਲਤ ਵੱਲੋਂ ਦੁਪਹਿਰ ਦੇ ਖਾਣੇ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਮੁਖਤਾਰ ਅੰਸਾਰੀ ਸਮੇਤ ਪੰਜ ਲੋਕ ਦੋਸ਼ੀ ਹਨ। ਦਰਅਸਲ, ਅਵਧੇਸ਼ ਰਾਜ ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਹਨ।
ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਅਜੇ ਰਾਏ ਨੇ ਕਿਹਾ ਕਿ ਉਨ੍ਹਾਂ ਦਾ 32 ਸਾਲਾ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ। ਫ਼ੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੂਰੇ ਕੋਰਟ ਕੰਪਲੈਕਸ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਹੱ.ਤਿਆ ਕਰ ਦਿੱਤੀ ਗਈ ਸੀ। ਉਦੋਂ ਅਵਧੇਸ਼ ਰਾਏ ਆਪਣੇ ਛੋਟੇ ਭਰਾ ਅਤੇ ਮੌਜੂਦਾ ਕਾਂਗਰਸ ਨੇਤਾ ਅਜੇ ਰਾਏ ਦੇ ਘਰ ਦੇ ਬਾਹਰ ਖੜ੍ਹਾ ਸੀ। ਉਸੇ ਸਮੇਂ ਇੱਕ ਮਾਰੂਤੀ ਵੈਨ ਉੱਥੇ ਆ ਗਈ ਅਤੇ ਕਈ ਲੋਕ ਉਸ ਵੈਨ ਵਿਚੋਂ ਉਤਰੇ । ਉਨ੍ਹਾਂ ਲੋਕਾਂ ਨੇ ਅਵਧੇਸ਼ ਰਾਏ ‘ਤੇ ਗੋ.ਲੀਆਂ ਚਲਾ ਦਿਤੀਆਂ। ਜਿਸ ਕਾਰਨ ਅਵਧੇਸ਼ ਦੀ ਮੌ.ਤ ਹੋ ਗਈ, ਉਸ ਸਮੇਂ ਗੋ.ਲੀਆਂ ਦੀ ਆਵਾਜ਼ ਨਾਲ ਸਾਰਾ ਇਲਾਕਾ ਗੂੰਜ ਉੱਠਿਆ ਸੀ।
ਵਾਰਾਨਸੀ ਦੇ ਚੇਤਗੰਜ ਥਾਣਾ ਖੇਤਰ ਦੇ ਲਹੂਰਾਬੀਰ ਇਲਾਕੇ ‘ਚ ਕਾਂਗਰਸ ਨੇਤਾ ਅਵਧੇਸ਼ ਰਾਏ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦਿਨ ਸਵੇਰੇ ਹਲਕੀ ਬਾਰਿਸ਼ ਹੋ ਰਹੀ ਸੀ। ਮਾਰੂਤੀ ਵੈਨ ‘ਚੋਂ ਆ ਰਹੇ ਲੋਕਾਂ ਦੀ ਫਾਇਰਿੰਗ ‘ਚ ਅਵਧੇਸ਼ ਰਾਏ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਸ ਹੱਤਿਆ ਕਾਂਡ ਤੋਂ ਬਾਅਦ ਸਾਬਕਾ ਵਿਧਾਇਕ ਅਜੇ ਰਾਏ ਨੇ ਚੇਤਗੰਜ ਥਾਣੇ ‘ਚ ਸਾਬਕਾ ਵਿਧਾਇਕ ਅਬਦੁਲ ਕਲਾਮ ਸਮੇਤ ਮੁਖਤਾਰ ਅੰਸਾਰੀ, ਭੀਮ ਸਿੰਘ, ਕਮਲੇਸ਼ ਸਿੰਘ, ਰਾਕੇਸ਼ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਸੀ। ਹਾਲਾਂਕਿ ਪੰਜ ਨਾਮਜ਼ਦ ਮੁਲਜ਼ਮਾਂ ਵਿੱਚੋਂ ਅਬਦੁਲ ਅਤੇ ਕਮਲੇਸ਼ ਦੀ ਮੌਤ ਹੋ ਚੁੱਕੀ ਹੈ।