The Khalas Tv Blog Punjab ਔਸਤਨ ਸਾਢੇ 4 ਸਾਲ ਘਟ ਰਹੀ ਪੰਜਾਬੀਆਂ ਉਮਰ ! CSE Report 2025। ਪੰਜਾਬ ਦੇ ਵਾਤਾਵਰਣ ਬਾਰੇ ਅਹਿਮ ਖੁਲਾਸੇ
Punjab

ਔਸਤਨ ਸਾਢੇ 4 ਸਾਲ ਘਟ ਰਹੀ ਪੰਜਾਬੀਆਂ ਉਮਰ ! CSE Report 2025। ਪੰਜਾਬ ਦੇ ਵਾਤਾਵਰਣ ਬਾਰੇ ਅਹਿਮ ਖੁਲਾਸੇ

‘ਦ ਖ਼ਾਲਸ ਬਿਊਰੋ : ਸਿਆਣੇ ਸੱਚ ਹੀ ਕਹਿੰਦੇ ਨੇ ਕਿ ਤਰੱਕੀ ਆਪਣੇ ਨਾਲ ਵਿਨਾਸ਼ ਵੀ ਲੈਕੇ ਆਉਂਦੀ ਹੈ।  ਕੋਈ ਵੇਲਾ ਸੀ ਜਦੋਂ ਪੰਜਾਬ ਦੀ ਸਵੇਰ ਦੀ ਮਹਿਕ ਲੋਕਾਂ ਦੀਆਂ ਅੱਖਾਂ ਖੋਲ ਦਿੰਦੀ ਹੁੰਦੀ ਸੀ। ਕੁਦਰਤੀ ਤੱਤਾਂ ਨਾਲ ਲਬਾਲਬ ਭਰਿਆ ਪਾਣੀ, ਤੜਕਸਾਰ ਠੰਢੀਆਂ ਹਵਾਵਾਂ ਦੇ ਬੁੱਲੇ, ਪੰਛੀਆਂ ਦੀ ਆਵਾਜ਼ ਅਤੇ ਸਵੇਰ ਦੀ ਖੁਸ਼ਬੂ ਇਹ ਹਰ ਕਿਸੇ ਦੇ ਹਿੱਸੇ ਨਹੀਂ ਸੀ ਪੰਜਾਬੀਆਂ ਨੂੰ ਛੱਡ ਕੇ, ਪਰ ਹੁਣ ਸਭ ਕੁਝ ਬਦਲ ਚੁੱਕਾ ਹੈ, ਨਾ ਉਹ ਹਵਾਵਾਂ ਰਹੀਆਂ, ਨਾ ਉਹ ਪਾਣੀ ਰਿਹਾ ਤੇ ਨਾ ਹੀ ਉਹ ਸੱਜਰੀਆਂ ਸਵੇਰਾਂ।

ਹੁਣ ਤਾਂ ਜਿਸ ਵੇਲੇ ਮਰਜ਼ੀ ਦੇਖ ਲਓ ਹਵਾ ਤੇ ਪਾਣੀ ‘ਚ ਆਮ ਲੋਕਾਂ ਅਤੇ ਉਦਯੋਗਾਂ ਵੱਲੋਂ ਕੀਤੀਆਂ ਗ਼ਲਤੀਆਂ ਦੀ ਮਾੜੀ ਮਹਿਕ ਹੀ ਘੁਲੀ ਦਿਖਾਈ ਦਿੰਦੀ ਹੈ।  ਪੰਜਾਬ ਦੇ ਲੋਕਾਂ ਦੇ ਡੀਲਡੌਲ ਤੇ ਨਰੋਈ ਸਿਹਤ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੁੰਦੀ ਸੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਜਿਵੇਂ ਸਭ ਕੁੱਝ ਖੁੱਸ ਹੀ ਗਿਆ ਹੈ।

ਗੱਲ ਇਥੇ ਤੱਕ ਆਣ ਪੁੱਜੀ ਐ ਕਿ ਜਿਹੜੀ ਹਵਾ ਸਾਨੂੰ ਸਵਰਗ ਦੀਆਂ ਮਹਿਕਾਂ ਦਿੰਦੀ ਸੀ ਉਹ ਹੁਣ ਸਾਡੇ ਕੋਲੋਂ ਸਾਡਾ ਸਭ ਕੁੱਝ ਖੋਹਣ ਲੱਗ ਪਈ ਹੈ।  ਜਿਹੜਾ ਪਾਣੀ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਉਹ ਹੁਣ ਜ਼ਹਿਰ ਬਣ ਚੁੱਕਿਆ।  ਹੁਣ ਇਹੀ ਗੰਧਲੀ ਹਵਾ ਤੇ ਮਾੜੇ ਖਾਣ ਪਾਣ ਕਰਕੇ ਪੰਜਾਬੀਆਂ ਦੀ ਔਸਤ ਉਮਰ ਕਰੀਬ 5 ਸਾਲ ਤੱਕ ਘਟ ਚੁੱਕੀ ਹੈ ਅਤੇ ਇਹ ਕੋਈ ਮਜ਼ਾਕ ਨਹੀਂ ਹੈ।  ਆਉਣ ਵਾਲੇ ਸਮੇਂ ‘ਚ ਉਮਰਾਂ ਨੇ ਹੋਰ ਵੀ ਘਟ ਜਾਣੈ।  ਕੁੱਝ ਰਿਪੋਰਟਾਂ ਸਾਹਮਣੇ ਆਈਆਂ ਨੇ ਅਤੇ ਆਂਕੜੇ ਡਰਾਉਣ ਵਾਲੇ ਨੇ।

ਹਾਲ ਹੀ ਵਿੱਚ ਪ੍ਰਸਿੱਧ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਭਾਵ ਕਿ CSE ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ  ਵਾਤਾਵਰਨ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਹੈ।  ਇਸ ਰਿਪੋਰਟ ਵਿੱਚ ਪੰਜਾਬ ਦੀ ਆਬੋ ਹਵਾ ਸਬੰਧੀ ਹੈਰਾਨ ਕਰਨ ਵਾਲੇ ਅਤੇ ਚਿੰਤਾਜਨਕ ਖੁਲਾਸੇ ਕੀਤੇ ਗਏ ਹਨ।

ਬੀਤੇ ਦਿਨੀਂ ਜਾਰੀ ਹੋਈ ਇਸ ਰਿਪੋਰਟ ਵਿੱਚ ਪੰਜਾਬ ਦੇ ਵਿਗੜ ਰਹੇ ਵਾਤਾਵਰਨ ਦੀ ਅਸਲੀਅਤ ਸਾਹਮਣੇ ਆਈ ਹੈ ਜਿਸਨੂੰ ਅਸੀਂ ਅੱਜ ਤੱਕ ਅੱਖੋਂ ਪਰੋਖੇ ਕਰਦੇ ਆਏ ਹਾਂ।  ਸਭ ਤੋਂ ਗੰਭੀਰ ਤੇ ਚੇਤਾਵਨੀ ਭਰਿਆ ਖੁਲਾਸਾ ਇਹ ਹੋਇਆ ਹੈ ਕਿ ਪ੍ਰਦੂਸ਼ਣ ਕਰਕੇ ਪੰਜਾਬੀਆਂ ਦੀ ਔਸਤ ਉਮਰ ਸਾਢੇ 4 ਸਾਲ ਘਟ ਗਈ ਹੈ।  ਰਿਪੋਰਟ ‘ਚ ਹਵਾ ਪ੍ਰਦੂਸ਼ਣ, ਜਮੀਨੀ ਪਦਾਰਥਾਂ ਦੀ ਖ਼ਰਾਬੀ ਅਤੇ ਲਗਾਤਾਰ ਗੰਧਲਾ ਹੋ ਰਿਹਾ ਪਾਣੀ ਇਸ ਦੇ ਮੁੱਖ ਕਾਰਨ ਦੱਸੇ ਗਏ ਹਨ।

ਪ੍ਰਦੂਸ਼ਣ ਅਤੇ ਖ਼ਰਾਬ ਵਾਤਾਵਰਨ ਦਾ ਬੱਚਿਆਂ ਦੀ ਸਿਹਤ ‘ਤੇ ਵੀ ਵੱਡਾ ਅਸਰ ਪਿਆ ਹੈ।  ਇਸਦਾ ਭਾਵ ਇਹ ਸਮਝ ਲਓ ਕਿ ਸਾਡੀ ਆਉਣ ਵਾਲੀ ਪੀੜੀ ਗੰਦੇ ਪਾਣੀ ਅਤੇ ਹਵਾ ਦੇ ਅਸਰ ਨਾਲ ਲੈਕੇ ਹੀ ਪੈਦਾ ਹੋ ਰਹੀ ਹੈ।  ਇਹ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਦੇ ਬੱਚਿਆਂ ਵਿੱਚ ਦਮਾ, ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਵਧ ਗਈਆਂ ਨੇ ਅਤੇ ਇਹ ਬਿਮਾਰੀਆਂ ਹੋਰ ਵੀ ਵਧਣ ਦਾ ਖਦਸ਼ਾ ਹੈ।  ਇਸ ਅਲਾਮਤ ਤੋਂ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰ ਖਾਸ ਕਰਕੇ ਸਭ ਤੋਂ ਪ੍ਰਭਾਵਿਤ ਹਨ।

ਇਸ ਰਿਪੋਰਟ ਮੁਤਾਬਕ ਪੰਜਾਬ ਦੇ ਵਾਤਾਵਰਨ ਸਬੰਧੀ ਸੱਚਾਈ ਇੰਨੀ ਕੌੜੀ ਹੈ ਕਿ ਅਸਲੀਅਤ ਜਾਣ ਕੇ ਹਰ ਪੰਜਾਬੀ ਨੂੰ ਸ਼ਰਮ ਅਤੇ ਡਰ ਮਹਿਸੂਸ ਹੋਵੇਗਾ ਕਿ ਅਸੀਂ ਕਿਵੇਂ ਪਿਛਲੇ ਕੁੱਝ ਕੁ ਸਾਲਾਂ ਚ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਬੈਠੇ ਹਾਂ।

ਇਸ ਰਿਪੋਰਟ ‘ਚ ਹੋਰ ਕੀ-ਕੀ ਕੁਝ ਖੁਲਾਸੇ ਹੋਏ ਹਨ, ਇਹ ਵੀ ਜਾਣਦੇ ਹਾਂ।  ਰਿਪੋਰਟ ਅਨੁਸਾਰ, ਪੰਜਾਬ ਦੀ ਮਿੱਟੀ ਵੀ ਪ੍ਰਦੂਸ਼ਣ ਦੀ ਭੇਟ ਚੜ੍ਹ ਰਹੀ ਹੈ।  ਲਗਾਤਾਰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਮਿੱਟੀ ਦੀ ਉਪਜਾਊ ਤਾਕਤ ਨੂੰ ਘਟਾ ਦਿੱਤਾ ਹੈ ਅਤੇ ਇਹ ਸਾਰੇ ਕੈਮੀਕਲ ਥੱਲੇ ਜਾ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਨ।  ਇਸੇ ਕਰ ਕੇ ਅਨਾਜ ਦੇ ਝਾੜ ਘਟ ਰਹੇ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਅੰਨ ਭੰਡਾਰ ਵਿੱਚ ਵੀ ਕਮੀ ਹੋ ਸਕਦੀ ਹੈ ਅਤੇ ਇਸ ਕਰਕੇ ਕਿਸਾਨਾਂ ਦੀ  ਮਾਲੀ ਹਾਲਤ ਹੋਰ ਵੀ ਮੰਦੜੀ ਹੋ ਸਕਦੀ ਹੈ।

ਪੰਜਾਬ ਦੇ 80% ਤੋਂ ਵੱਧ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਆਲਾਰਮਿੰਗ ਹੱਦ ਤੱਕ ਡਿੱਗ ਚੁੱਕਿਆ ਹੈ ਅਤੇ ਪੀਣ ਵਾਲੇ ਪਾਣੀ ‘ਤੇ ਵੀ ਪ੍ਰਦੂਸ਼ਿਤ ਵਾਤਾਵਰਨ ਦਾ ਸਿੱਧਾ ਅਸਰ ਪੈ ਰਿਹਾ ਹੈ।  ਪੰਜਾਬ ਦੀ ਵਿਗੜੀ ਆਬੋ ਹਵਾ ਪੰਜਾਬੀਆਂ ਲਈ ਹਰ ਪੱਖੋਂ ਹੀ ਨੁਕਸਾਨਦੇਹ ਸਿੱਧ ਹੋਵੇਗੀ।  5 ਆਬਾਂ ਦੇ ਦੇਸ਼ ਪੰਜਾਬ ‘ਚ ਪ੍ਰਦੂਸ਼ਿਤ ਪਾਣੀ ਕਾਰਨ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਹੋਵੇਗੀ, ਕੈਮੀਕਲਾਂ ਅਤੇ ਰਸਾਇਣਾਂ ਦੀ ਵਰਤੋਂ ਨਾਲ ਤਿਆਰ ਹੋਏ ਅੰਨ ਕਾਰਨ ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ, IQ ਵਿੱਚ ਘਾਟ ਅਤੇ ਕੁਪੋਸ਼ਣ ਵਰਗੇ ਹਾਲਾਤ ਪੈਦਾ ਹੋਣਗੇ।  ਇਹ ਬਿਮਾਰੀਆਂ ਨੇ ਗਰੀਬ ਅਮੀਰ ਨਹੀਂ ਦੇਖਣਾ।

ਇਸ ਲਈ ਅੱਜ ਪੰਜਾਬ ਅਤੇ ਪੰਜਾਬੀਆਂ ਕੋਲ ਆਪਣੇ ਵਾਤਾਵਰਨ ਅਤੇ ਆਪਣੇ ਪੌਣ-ਪਾਣੀ ਦੀ ਸੰਭਾਲ ਲਈ ‘ਹੁਣ ਨਹੀਂ ਤਾਂ ਕਦੇ ਵੀ ਨਹੀਂ’ ਵਾਲਾ ਮੌਕਾ ਹੈ।  ਇਸ ਲਈ ਇਸ ਰਿਪੋਰਟ ਤੋਂ ਸੁਚੇਤ ਹੋ ਕੇ ਹਰ ਪੰਜਾਬੀ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਆਪਣਾ ਤੁੱਛ ਮਾਤਰ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਕੁਝ ਨਾ ਕੁੱਝ ਤਾਂ ਚੱਜ ਦਾ ਕਰ ਕੇ ਜਈਏ ਅਤੇ ਫੇਰ ਉਹ ਵੀ ਆਉਣ ਵਾਲੇ ਸਮੇਂ ‘ਚ ਹਿੱਕ ਥੱਪੜ ਕੇ ਕਹਿ ਸਕਣ ਕੇ ਸਾਡੇ ਪੰਜਾਬ ਤੇ ਜਦੋਂ ਕੁਦਰਤ ਦੀ ਮਾਰ ਪਾਈ ਤਾਂ ਸਾਡੇ ਪੁਰਖਿਆਂ ਨੇ ਸਾਰਾ ਜ਼ੋਰ ਲਾ ਕੇ ਸਾਡੇ ਲਈ ਇਸਨੂੰ ਬਚਾਇਆ।

Exit mobile version