The Khalas Tv Blog Punjab ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਚਿੱਠੀ
Punjab

ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਪਹਿਲਾਂ ਉਪਲੱਬਧ ਬਹੁਤ ਸਾਰੇ ਪੁਰਾਤਨ ਅਤੇ ਨਵੇਂ ਰਾਗੀ ਸਿੰਘਾਂ ਦੇ ਨਾਮ ਤਹਿਤ ਕਈ ਸਾਲਾਂ ਦੇ ਰਿਕਾਰਡ ਕੀਤੇ ਹੋਏ ਪੁਰਾਤਨ ਅਤੇ ਨਵਾਂ ਰਸਭਿੰਨਾ ਕੀਰਤਨ, ਕਥਾਵਾਚਕਾਂ ਵੱਲੋਂ ਹੁਕਮਨਾਮਾ ਸਾਹਿਬ ਦੀਆਂ ਕੀਤੀਆਂ ਗਈਆਂ ਸਾਰੀਆਂ ਪੁਰਾਤਨ ਕਥਾਵਾਂ ਦੇ ਸਾਂਭੇ ਗਏ ਰਿਕਾਰਡ ਨੂੰ ਬੇਰਹਿਮੀ ਨਾਲ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਚਿੱਠੀ ਲਿਖੀ ਹੈ।

ਸਰਚਾਂਦ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਖ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਵੈੱਬਸਾਈਟ ‘ਤੇ ਹਮਲਾ ਕਰਦਿਆਂ ਉਸ ਵਿੱਚ ਹਰ ਤਰ੍ਹਾਂ ਦੇ ਰਿਕਾਰਡਿਡ ਅਨਮੋਲ ਖ਼ਜ਼ਾਨਾ ਖੁਰਦ-ਬੁਰਦ ਕਰਦਿਆਂ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਗੁਰਮੁਖੀ ਨੂੰ ਤਿਲਾਂਦਲੀ ਦੇ ਕੇ ਅੰਗਰੇਜ਼ੀ ਭਾਸ਼ਾ ਵਿੱਚ ਤਬਦੀਲ ਕੀਤੀ ਗਈ ਸ਼੍ਰੋਮਣੀ ਕਮੇਟੀ ਦੀ ਨਵੀਂ ਵੈੱਬਸਾਈਟ ਵਿੱਚ ਵਡਮੁੱਲੀ ਵਿਰਾਸਤ ਅਤੇ ਉਪਲੱਬਧ ਪੁਰਾਤਨ ਰਿਕਾਰਡ ਨੂੰ ਬੇਰਹਿਮੀ ਨਾਲ ਖੁਰਦ-ਬੁਰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਨਵੀਂ ਵੈੱਬਸਾਈਟ ਸਿੱਖ ਕੌਮ ਅਤੇ ਮਹਾਨ ਸ਼ਹੀਦਾਂ ਦੀ ਧਾਰਮਿਕ ਪ੍ਰਬੰਧਕੀ ਸੰਸਥਾ ਦੀ ਪ੍ਰਤੀਨਿਧਤਾ ਨਹੀਂ ਕਰਦੀ। ਇਹ ਰਾਜਨੀਤਿਕ ਅਤੇ ਵਪਾਰਕ ਅਦਾਰੇ ਦੀ ਪ੍ਰਤੀਤ ਹੁੰਦੀ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਅਧਿਕਾਰਤ ਵੈੱਬਸਾਈਟ

ਉਨ੍ਹਾਂ ਲਿਖਿਆ ਕਿ ਬੀਬੀ ਜਗੀਰ ਕੌਰ ਵੱਲੋਂ ਇਸਨੂੰ ਸ਼ੁਰੂ ਕੀਤਿਆਂ 4 ਮਹੀਨੇ ਹੋ ਗਏ ਹਨ ਪਰ ਇਸ ਵੈੱਬਸਾਈਟ ‘ਤੇ ਕਿਤੇ ਵੀ ਸਿੱਖ ਗੁਰੂ ਸਾਹਿਬਾਨ ਦੀ ਜੀਵਨੀ, ਵਿਚਾਰਧਾਰਾ, ਫਲਸਫਾ, ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਬਾਰੇ ਕੋਈ ਇੱਕ ਵੀ ਨਿੱਕੀ ਜਿਹੀ ਗੱਲ ਉਪਲੱਬਧ ਨਹੀਂ ਹੈ। ਵੈੱਬਸਾਈਟ ਦੇ ਪ੍ਰਮੁੱਖ ਪੰਨੇ ‘ਤੇ ‘ਫਲਾਇੰਗ ਜੱਟ’ ਅਤੇ ਹੋਰ ਫਿਲਮੀ ਹਸਤੀਆਂ ਦੇ ਸ਼੍ਰੀ ਦਰਬਾਰ ਸਾਹਿਬ ਦੌਰੇ ਨੂੰ ਜ਼ਰੂਰ ਸ਼ਿੰਗਾਰਿਆ ਗਿਆ ਹੈ।

ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਪਹਿਲਾਂ ਉਪਲੱਬਧ ਬਹੁਤ ਸਾਰੇ ਪੁਰਾਤਨ ਅਤੇ ਨਵੇਂ ਰਾਗੀ ਸਿੰਘਾਂ ਦੇ ਨਾਮ ਤਹਿਤ ਕਈ ਸਾਲਾਂ ਦੇ ਰਿਕਾਰਡ ਕੀਤੇ ਹੋਏ ਪੁਰਾਤਨ ਅਤੇ ਨਵਾਂ ਰਸਭਿੰਨਾ ਕੀਰਤਨ, ਕਥਾਵਾਚਕਾਂ ਵੱਲੋਂ ਹੁਕਮਨਾਮਾ ਸਾਹਿਬ ਦੀਆਂ ਕੀਤੀਆਂ ਗਈਆਂ ਸਾਰੀਆਂ ਪੁਰਾਤਨ ਕਥਾਵਾਂ ਦੇ ਸਾਂਭੇ ਗਏ ਰਿਕਾਰਡ ਨੂੰ ਗਾਇਬ ਕਰ ਦਿੱਤਾ ਗਿਆ, ਜਿਸਨੂੰ ਦੁਨੀਆ ਦੇ ਕੋਨੇ-ਕੋਨੇ ‘ਤੇ ਬੈਠਾ ਸਿੱਖ ਆਨਲਾਈਨ ਸੁਣ ਕੇ ਜਾਂ ਡਾਊਨਲੋਡ ਕਰਕੇ ਆਨੰਦ ਮਾਣਿਆ ਕਰਦਾ ਸੀ। ਰਿਕਾਰਡਿਡ ਨਵਾਂ ਕੀਰਤਨ ਵੀ ਨਹੀਂ ਲੱਭੇਗਾ ਅਤੇ ਮੁਖਵਾਕ ਦੀ ਆਡੀਓ ਅਤੇ ਪੀਡੀਐੱਫ ਫਾਈਲ ਕੇਵਲ 16 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਦੀ ਹੀ ਮਿਲੇਗੀ।

ਈ-ਬੁੱਕ ਦੇ ਨਾਮ ‘ਤੇ 12 ਛੋਟੀਆਂ ਕਿਤਾਬਾਂ ਦੇ ਡਿਜੀਟਲ ਰੂਪ ਨੂੰ ਸ਼ਾਮਿਲ ਕਰਨ ਤੋਂ ਇਲਾਵਾ ਪਹਿਲੀ ਵੈੱਬਸਾਈਟ ‘ਤੇ ਉਪਲੱਬਧ ਸਿੱਖ ਇਤਿਹਾਸ, ਗੁਰਬਾਣੀ ਵਿਚਾਰ ਅਤੇ ਫਲਸਫਾ ਆਦਿ ਦੀਆਂ ਸਾਰੀਆਂ ਪੁਸਤਕਾਂ ਦੀਆਂ ਪੀਡੀਐੱਫ ਫਾਇਲਾਂ ਗਾਇਬ ਕਰ ਦਿੱਤੀਆਂ ਗਈਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਾਣੀ ਅਧਿਕਾਰਤ ਵੈੱਬਸਾਈਟ

ਸਰਚਾਂਦ ਸਿੰਘ ਨੇ ਚਿੱਠੀ ਵਿੱਚ ਲਿਖਿਆ ਕਿ ਪਹਿਲੀ ਵੈੱਬਸਾਈਟ ਵਿੱਚ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਅਧਿਕਾਰੀਆਂ ਦੇ ਨਾਮਾਂ ਨਾਲ ਉਨ੍ਹਾਂ ਨਾਲ ਸੰਪਰਕ ਲਈ ਟੈਲੀਫੋਨ ਨੰਬਰ ਉਪਲੱਬਧ ਸਨ ਪਰ ਉਨ੍ਹਾਂ ਸੰਪਰਕ ਲਿਸਟਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਵੈੱਬਸਾਈਟ ਤੋਂ ਮਪੱਤਵਪੂਰ ਦਿਨ, ਤਿਉਹਾਰਾਂ ਦੀ ਲਿਸਟ, ਜੋ ਵੈੱਬ ਦੇ ਇੱਕ ਪਾਸੇ ਦਿਖਾਈ ਦਿੰਦਾ ਰਹਿੰਦਾ ਸੀ ਅਤੇ ਉਨ੍ਹਾਂ ਮਹੱਤਵਪੂਰਨ ਦਿਨਾਂ ਦੇ ਨਾਲ ਸਬੰਧਿਤ ਲੇਖ ਵੀ ਗਾਇਬ ਕਰ ਦਿੱਤੇ ਗਏ ਹਨ। ਪਹਿਲਾਂ ਸੰਗਤ ਨੂੰ ਵੈੱਬਸਾਈਟ ਨੂੰ ਕਲਿੱਕ ਕਰਨ ‘ਤੇ ਲਾਈਵ ਕੀਰਤਨ ਆਪੇ ਪ੍ਰਾਪਤ ਹੋ ਜਾਂਦਾ ਸੀ ਪਰ ਹੁਣ ਉਹ ਸੁਵਿਧਾ ਵੀ ਨਹੀਂ ਰਹੀ। ਇੰਟਰਨੈੱਟ, ਵੈੱਬਸਾਈਟ ਵਿੱਚ ਬਹੁਤਾਤ ਡਾਟਾ ਸਮਰੱਥਾ ਦੇ ਬਾਵਜੂਦ ਵੀ ਬੀਬੀ ਜਗੀਰ ਕੌਰ ਵੱਲੋਂ ਇਤਿਹਾਸਕ ਵਸਤਾਂ ਨੂੰ ਹਟਵਾ ਦੇਣਾ ਇੱਕ ਵੱਡੀ ਸਾਜਿਸ਼ ਹੈ।

ਫੇਸਬੁੱਕ ‘ਤੇ ਵੀ ਧਰਮ ਪ੍ਰਚਾਰ ਦੀ ਥਾਂ ਸਾਰਾ ਦਿਨ ਸਿਰਫ ਖਬਰਾਂ ਜਾਂ ਫਿਰ ਬੀਬੀ ਜਗੀਰ ਕੌਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਪੁਰਾਣੀ ਵੈੱਬਸਾਈਟ ਵਿੱਚ ਜੇਕਰ ਕੋਈ ਕਮੀ ਸੀ ਤਾਂ ਉਸ ਵਿੱਚ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਸਨ ਪਰ ਅਜਿਹਾ ਕਰਨ ਦੀ ਥਾਂ ਬੀਬੀ ਜਗੀਰ ਕੌਰ ਨੇ ਸਿੱਖ ਸਿਧਾਂਤਾਂ ਤੋਂ ਅਣਜਾਣ ਗੈਰ-ਸਿੱਖਾਂ ਦੀ ਮਦਦ ਨਾਲ ਨਵੀਂ ਵੈੱਬਸਾਈਟ ਤਿਆਰ ਕਰਦਿਆਂ ਇਸੇ ਸਾਲ 30 ਜਨਵਰੀ ਨੂੰ ਖੁਦ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਨੂੰ ਨਵਿਆਉਣ ਲਈ ਨਾ ਤਾਂ ਸ਼੍ਰੋਮਣੀ ਕਮੇਟੀ ਦੀ ਕਿਸੇ ਵੀ ਅੰਤ੍ਰਿਗ ਕਮੇਟੀ ਵਿੱਚ ਪ੍ਰਵਾਨਗੀ ਲਈ ਗਈ ਅਤੇ ਨਾ ਹੀ ਸਿੱਖ ਵਿਦਵਾਨਾਂ ਅਤੇ ਮਾਹਿਰਾਂ ਨਾਲ ਵਿਚਾਰ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ

ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਜੋ ਕੰਮ ਸਿੱਖ ਦੁਸ਼ਮਣ ਤਾਕਤਾਂ ਨਹੀਂ ਕਰ ਸਕੀਆਂ, ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੈੱਬਸਾਈਟ ਤੋਂ ਕੌਮ ਦਾ ਕੀਮਤੀ ਸਰਮਾਇਆ ਗਾਇਬ ਕਰਕੇ ਕਰ ਦਿਖਾਇਆ ਹੈ। ਹਾਲ ਹੀ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨਵੇਂ ਸਿੰਘ ਸਾਹਿਬਾਨ ਦੀ ਚੋਣ ਲਈ ਜੋ ਪ੍ਰਕਿਰਿਆ ਬਣਾਈ ਗਈ ਹੈ, ਉਸ ਵਿੱਚ ਉਮੀਦਵਾਰ ਲਈ ਸ਼੍ਰੀ ਦਮਸ ਗ੍ਰੰਥ ਅਤੇ ਹੋਰ ਪੁਰਾਤਨ ਗ੍ਰੰਥਾਂ ਦੇ ਗਿਆਨ ਰੱਖਣ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਨਾਲ ਕੀਤੀ ਗਈ ਛੇੜਛਾੜ ਉਪਰੰਤ ਬੀਬੀ ਜਗੀਰ ਕੌਰ ਦਾ ਅਗਲਾ ਨਿਸ਼ਾਨਾ ਸਿੱਖ ਕੌਮ ਦੇ ਗੁਰਧਾਮਾਂ ਦੀਆਂ ਪੁਰਾਤਨ ਇਮਾਰਤਾਂ ਹੋ ਸਕਦੀਆਂ ਹਨ। ਸਿੱਖ ਸੰਗਤ ਨੂੰ ਸੁਚੇਤ ਕਰਨ ਦੀ ਲੋੜ ਹੈ।

ਸਰਚਾਂਦ ਸਿੰਘ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਦੀਆਂ ਪੰਥ ਵਿਰੋਧੀ ਮਸੰਦਵਾਦੀ ਪਹੁੰਚ ਅਤੇ ਆਪਹੁਦਰੀਆਂ ਨੂੰ ਜੇ ਤਤਕਾਲ ਰੋਕ ਨਾ ਲਗਾਈ ਗਈ ਤਾਂ ਇਹ ਸ਼੍ਰੋਮਣੀ ਕਮੇਟੀ ਅਤੇ ਪੰਥ ਲਈ ਵੱਡੀ ਮੁਸੀਬਤ ਖੜ੍ਹੀ ਕਰੇਗੀ। ਉਨ੍ਹਾਂ ਨੇ ਜਥੇਦਾਰ ਨੂੰ ਉਕਤ ਮਾਮਲੇ ਨੂੰ ਸੰਜੀਦਗੀ ਦੇ ਨਾਲ ਵਿਚਾਰ ਕਰਦਿਆਂ ਯੋਗ ਕਾਰਵਾਈ ਦੀ ਅਪੀਲ ਕੀਤੀ ਹੈ।

Exit mobile version