‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਤੋਂ ਬਾਅਦ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਚਕਾਰ ਟਵਿੱਟਰ ‘ਤੇ ਆਪਸੀ ਸ਼ਬਦੀ ਜੰਗ ਛਿੜੀ ਹੋਈ ਹੈ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਨਤੀ ਕੀਤੀ ਹੈ ਕਿ ਇੱਕ-ਇੱਕ ਸਮਾਰਟ ਫੋਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਦਿੱਤੇ ਜਾਣ।
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕੈਪਟਨ ਨੂੰ ਬੇਨਤੀ ਕੀਤੀ ਕਿ ‘ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇੱਕ-ਇੱਕ ਸਮਾਰਟ ਫੋਨ ਦਿੱਤਾ ਜਾਵੇ। ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਹਨ। ਉਨ੍ਹਾਂ ਨੂੰ ਹੁਣ ਗੱਲ ਕਰਨ ਦਿਓ। ਅਸੀਂ ਉਨ੍ਹਾਂ ਲਈ ਰੀਚਾਰਜ ਵੀ ਕਰਾ ਕੇ ਦੇਵਾਂਗੇ।‘
ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਟਵੀਟ ਕਰਦਿਆ ਰਾਜਾ ਵੜਿੰਗ ‘ਤੇ ਪਲਟਵਾਰ ਕੀਤਾ ਹੈ। ਡਿੰਪੀ ਢਿੱਲੋਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ‘ਇੱਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ ਨੂੰ ਵੀ ਦਿਉ ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁੱਝ ਹੈ। ਗਰੀਬ ਮੁੰਡੇ ਨੂੰ ਤੁਹਾਡੇ ਵਿਭਾਗ ਵਿੱਚ 5,600 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਬਾਰੇ ਟਵੀਟ ਕਰਨ ਲਈ ਇੱਕ ਮੰਗਵਾਂ ਫੋਨ ਦੀ ਵਰਤੋਂ ਕਰਨੀ ਪਈ। ‘