The Khalas Tv Blog Punjab ਲੁਧਿਆਣਾ ‘ਚ ਚੀਤੇ ਨੇ ਫੈਲਾਈ ਦਹਿਸ਼ਤ, ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਰਾਤੀਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ…
Punjab

ਲੁਧਿਆਣਾ ‘ਚ ਚੀਤੇ ਨੇ ਫੈਲਾਈ ਦਹਿਸ਼ਤ, ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਰਾਤੀਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ…

Leopards spread terror in Ludhiana, forest department advises people not to go out at night...

ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਜੰਗਲ ਨੇੜੇ ਗੜ੍ਹੀ ਤੋਗੜ ਪਿੰਡ ਵਿੱਚ ਇੱਕ ਚੀਤੇ ਦੇ ਨਜ਼ਰ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਹੈ। ਮੱਤੇਵਾੜਾ ‘ਚ 2 ਦਿਨਾਂ ਤੋਂ ਲੋਕਾਂ ਨੇ ਚੀਤੇ ਦੀ ਆਵਾਜ਼ ਮਹਿਸੂਸ ਕੀਤੀ ਹੈ। ਚੀਤੇ ਨੇ ਪਿੰਡ ‘ਚ ਹੀ ਇਕ ਵੱਛੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ।

ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਬਚਾਅ ਟੀਮ ਪਿੰਡ ਵਿੱਚ ਲਗਾਤਾਰ ਗਸ਼ਤ ਕਰ ਰਹੀ ਹੈ। ਚੀਤੇ ਨੂੰ ਫੜਨ ਲਈ ਜੰਗਲ ਵਿਚ ਕਈ ਥਾਵਾਂ ‘ਤੇ ਜਾਲ ਵੀ ਲਗਾਏ ਗਏ ਹਨ ਪਰ ਅਜੇ ਤੱਕ ਇਸ ਦਾ ਕਿਧਰੇ ਵੀ ਪਤਾ ਨਹੀਂ ਲੱਗ ਸਕਿਆ। ਟੀਮ ਦੀ ਤੁਰੰਤ ਕਾਰਵਾਈ ਦਾ ਉਦੇਸ਼ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ 2 ਪਿੰਜਰੇ ਲਗਾਏ।

ਗੜ੍ਹੀ ਤੋਗੜ ਦੇ ਰਹਿਣ ਵਾਲੇ ਜੋਗਾ ਸਿੰਘ ਨੇ ਸਭ ਤੋਂ ਪਹਿਲਾਂ ਇਸ ਘਟਨਾ ਦੀ ਸੂਚਨਾ ਜੰਗਲਾਤ ਅਧਿਕਾਰੀਆਂ ਨੂੰ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਚੀਤਾ ਉਸ ਦੇ ਵੱਛੇ ਨੂੰ ਚੁੱਕ ਕੇ ਲੈ ਗਿਆ ਸੀ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਲਾਸ਼ੀ ਲਈ ਤਾਂ ਕੁਝ ਦੂਰੀ ‘ਤੇ ਵੱਛੇ ਦੀ ਲਾਸ਼ ਪਈ ਮਿਲੀ।

ਲੁਧਿਆਣਾ ਡਵੀਜ਼ਨ ਦੇ ਰੇਂਜ ਅਫ਼ਸਰ ਵਾਈਲਡ ਲਾਈਫ਼ ਪ੍ਰੀਤਪਾਲ ਸਿੰਘ ਮੁਤਾਬਕ ਅਸੀਂ ਪਿੰਡ ਵਿੱਚ 2 ਪਿੰਜਰੇ ਰੱਖੇ ਹਨ। ਛੋਟੇ ਪਿੰਜਰੇ ਵਿੱਚ ਇੱਕ ਕੁੱਤੇ ਨੂੰ ਚਾਰੇ ਵਜੋਂ ਬੰਨ੍ਹਿਆ ਗਿਆ ਸੀ, ਜਦੋਂ ਕਿ ਵੱਡੇ ਪਿੰਜਰੇ ਨੂੰ ਸ਼ਾਤਿਰ ਚੀਤੇ ਨੂੰ ਫਸਾਉਣ ਲਈ ਤਿਆਰ ਕੀਤਾ ਗਿਆ ਹੈ।

ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਬਚਾਅ ਟੀਮ ਨੇ ਵੀ ਇਲਾਕੇ ਦਾ ਮੁਆਇਨਾ ਕੀਤਾ ਅਤੇ ਚੀਤੇ ਦੀ ਮੌਜੂਦਗੀ ਦੇ ਸਬੂਤ ਇਕੱਠੇ ਕੀਤੇ। ਸ਼ਿਕਾਰ ਕਰਦਾ ਚੀਤਾ ਕੈਮਰੇ ਵਿੱਚ ਵੀ ਕੈਦ ਹੋਇਆ ਹੈ। ਪਿੰਡ ਵਾਸੀ ਆਪਣੇ ਬੱਚਿਆਂ ਲਈ ਖ਼ਾਸ ਤੌਰ ‘ਤੇ ਚਿੰਤਤ ਹਨ। ਲੋਕਾਂ ਵਿੱਚ ਡਰ ਵਾਲਾ ਮਾਹੌਲ ਹੈ। ਮੌਕੇ ਦੇ ਹਾਲਤਾਂ ਨੂੰ ਦੇਖਦਿਆਂ ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਦੇਰ ਰਾਤ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਸੁਚੇਤ ਕੀਤਾ ਹੈ। ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ ਅਤੇ ਦਿਨ ਵੇਲੇ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

Exit mobile version