The Khalas Tv Blog Punjab ਲੁਧਿਆਣਾ ‘ਚ 52 ਘੰਟੇ ਬਾਅਦ ਵੀ ਨਹੀਂ ਮਿਲਿਆ ਤੇਂਦੁਆ, ਹੁਣ ਇੱਕ ਕਾਲੋਨੀ ਤੇ ਪਿੰਡ ‘ਚ ਮਿਲੇ ਪੰਜਿਆਂ ਦੇ ਨਿਸ਼ਾਨ…
Punjab

ਲੁਧਿਆਣਾ ‘ਚ 52 ਘੰਟੇ ਬਾਅਦ ਵੀ ਨਹੀਂ ਮਿਲਿਆ ਤੇਂਦੁਆ, ਹੁਣ ਇੱਕ ਕਾਲੋਨੀ ਤੇ ਪਿੰਡ ‘ਚ ਮਿਲੇ ਪੰਜਿਆਂ ਦੇ ਨਿਸ਼ਾਨ…

Leopard not found in Ludhiana even after 52 hours, now claw marks found in a colony and village...

ਹੁਣ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਸੈਂਟਰਾ ਗ੍ਰੀਨ ਫਲੈਟਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ‘ਚ ਚੀਤੇ ਦਾ ਡਰ ਬਣਿਆ ਹੋਇਆ ਹੈ। 52 ਘੰਟੇ ਬੀਤ ਚੁੱਕੇ ਹਨ ਪਰ ਚੀਤੇ ਦਾ ਪਤਾ ਨਹੀਂ ਲੱਗਾ। ਜੰਗਲਾਤ ਵਿਭਾਗ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਫੜਨ ਲਈ ਪਿੰਜਰੇ ਲਾਏ ਗਏ ਹਨ, ਜਿਨ੍ਹਾਂ ਵਿਚ ਮੀਟ ਰੱਖਿਆ ਗਿਆ ਹੈ ਪਰ ਉਹ ਅਜੇ ਤੱਕ ਖਾਣ ਨਹੀਂ ਆਇਆ।

ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਅਤੇ ਪਿੰਡ ਖੇੜੀ ਝਮੇੜੀ ਵਿਖੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ। ਜੰਗਲਾਤ ਵਿਭਾਗ ਦੇ ਮੁਲਾਜ਼ਮ ਰਾਤ ਵੇਲੇ ਵੀ ਪੱਖੋਵਾਲ ਰੋਡ ਦੀਆਂ ਸੜਕਾਂ ’ਤੇ ਨਜ਼ਰ ਰੱਖ ਰਹੇ ਹਨ।

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਤੇਂਦੁਏ ਦੇ ਫੜੇ ਜਾਣ ਤੱਕ ਸਵੇਰੇ ਅਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਇਸ ਵੇਲੇ ਜੰਗਲਾਤ ਵਿਭਾਗ ਵੱਲੋਂ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੇ ਘੇਰੇ ਵਿੱਚ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਲਈ ਜਾ ਰਹੀ ਹੈ।

ਜੰਗਲਾਤ ਵਿਭਾਗ ਦੇ ਡੀਐਫਐਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਸ਼ਹਿਰ ਵਿੱਚ ਤੇਂਦੁਏ ਵਾਂਗ ਦਿਖਾਈ ਦੇਣ ਵਾਲੇ ਵੱਖ-ਵੱਖ ਜਾਨਵਰਾਂ ਦੀਆਂ ਵੀਡੀਓਜ਼ ਬਣਾ ਰਹੇ ਹਨ। ਕਦੇ ਉਹ ਵੀਡੀਓ ਦੀ ਲੋਕੇਸ਼ਨ ਨੂੰ ਫੁੱਲਾਂਵਾਲ ਚੌਕ ਅਤੇ ਕਦੇ ਸਾਹਨੇਵਾਲ ਦੱਸ ਰਹੇ ਹਨ ਪਰ ਇਹ ਸਭ ਅਫਵਾਹਾਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲਾ ਜਾਨਵਰ ਚੀਤਾ ਨਹੀਂ ਹੈ। ਲੋਕਾਂ ਨੂੰ ਗਲਤ ਵੀਡੀਓ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਲੋਕ ਗਲਤ ਵੀਡੀਓ ਵਾਇਰਲ ਨਾ ਕਰਨ। ਦੇਵ ਕਲੋਨੀ ਅਤੇ ਪਿੰਡ ਖੇੜੀ ਝਮੇੜੀ ਵਿੱਚ ਗਿੱਲੀ ਮਿੱਟੀ ‘ਤੇ ਤੇਂਦੁਏ ਦੇ ਪੰਜੇ ਦੇ ਨਿਸ਼ਾਨ ਜ਼ਰੂਰ ਮਿਲੇ ਹਨ। ਜੰਗਲਾਤ ਵਿਭਾਗ ਦੀ ਟੀਮ ਵੀ ਉਥੇ ਪਹੁੰਚ ਗਈ ਹੈ। ਜਲਦੀ ਹੀ ਤੇਂਦੁਏ ਨੂੰ ਫੜ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪਿੰਡ ਖੇੜੀ ਝਮੇੜੀ ਤੋਂ ਅੱਗੇ ਚੀਤੇ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਇਹ ਗੱਲ ਪੱਕੀ ਹੈ ਕਿ ਹੁਣ ਤੇਂਦੁਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਹੈ। ਇਹ ਰਾਤ ਨੂੰ ਨਿਕਲਦਾ ਹੈ। ਉਮੀਦ ਹੈ ਕਿ ਅਸੀਂ ਜਲਦੀ ਹੀ ਉਸਨੂੰ ਲੱਭ ਲਵਾਂਗੇ।

ਲੋਕਾਂ ਨੇ ਪੱਖੋਵਾਲ ਰੋਡ ਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਠੀਕਰੀ ਪਹਿਰੇ ਲਾਈ ਰੱਖੇ। ਇਲਾਕੇ ਦੇ ਨੌਜਵਾਨ ਰਾਤ ਸਮੇਂ ਪਹਿਰਾ ਦੇ ਰਹੇ ਹਨ। ਜਵਾਨ ਡੰਡਿਆਂ ਨਾਲ ਲੈਸ ਪਹਿਰਾ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਤੇਂਦੁਆ ਕਿਤੇ ਨਜ਼ਰ ਨਹੀਂ ਆਇਆ।

ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਹਾੜਾਂ ਵਿੱਚ ਸਰਦੀ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰਾਂ ਵਿੱਚ ਆ ਜਾਂਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੀਤਾ ਦੋਰਾਹਾ ਨਹਿਰ ਰਾਹੀਂ ਪੱਖੋਵਾਲ ਰੋਡ ‘ਤੇ ਪਹੁੰਚ ਗਿਆ ਹੈ।

Exit mobile version