The Khalas Tv Blog Punjab ਵੱਡੇ ਲੀਡਰਾਂ ਨੂੰ ਹਰਾਉਣ ਵਾਲੇ ਆਗੂਆਂ ਨੂੰ ਨਹੀਂ ਮਿਲੀ ਕੈਬਨਿਟ ‘ਚ ਥਾਂ
Punjab

ਵੱਡੇ ਲੀਡਰਾਂ ਨੂੰ ਹਰਾਉਣ ਵਾਲੇ ਆਗੂਆਂ ਨੂੰ ਨਹੀਂ ਮਿਲੀ ਕੈਬਨਿਟ ‘ਚ ਥਾਂ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਵਜ਼ਾਰਤ ਵਿਚ 10 ਮੰਤਰੀ ਸ਼ਾਮਲ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਦੀ ਕੈਬਨਿਟ ਲਈ ਅੱਜ 10 ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ। ਭਗਵੰਤ ਮਾਨ ਦੀ ਕੈਬਨਿਟ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ ਪੰਜਾਬ ਰਾਜ ਭਵਨ ਵਿਖੇ ਹੋਵੇਗਾ। ਪਰ ਇਸ ਕੈਬਨਿਟ ਵਿੱਚ ਉਨ੍ਹਾਂ ਵਿਧਾਇਕਾਂ ਨੂੰ ਥਾਂ ਨਹੀਂ ਮਿਲੀ ਜਿਨ੍ਹਾਂ ਨੇ ਕਈ ਵੱਡੇ ਰਾਜਨੀਤਕ ਆਗੂਆਂ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਵੀ ਇਸ ਕੈਬਨਿਟ ਵਿੱਚ ਨਹੀਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਡਾ ਚਰਨਜੀਤ ਸਿੰਘ ਅਤੇ ਲਾਭ ਸਿੰਘ ਉਗੋਕੇ ਨੂੰ ਵੀ ਕੈਬਨਿਟ ਵਿਚ ਜਗ੍ਹਾ ਨਹੀਂ ਮਿਲੀ। ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਦਾ ਨਾਮ ਵੀ ਸੂਚੀ ਵਿੱਚ ਨਹੀਂ ਲਿਆ ਗਿਆ। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਅੰਮ੍ਰਿਤਸਰ ਪੂਰਬੀ ਨੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਵਾਲੇ ਜੀਵਨਜੋਤ ਕੌਰ ਦਾ ਨਾਮ ਵੀ ਕੈਬਿਨਿਟ ਦੀ ਸੂਚੀ ਵਿੱਚ ਨਹੀਂ। ਦੂਸਰੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਨਾਮ ਵੀ ਸੂਚੀ ਵਿੱਚ ਨਹੀਂ ਹੈ। ਸੁਨਾਮ ਤੋਂ ਉਹ 75 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਹਰਾਉਣ ਵਾਲੇ ਨਰਿੰਦਰ ਕੌਰ ਭਰਾਜ ਨੂੰ ਵੀ ਇਸ ਕੈਬਨਿਟ ‘ਚ ਜਗ੍ਹਾ ਨਹੀਂ ਮਿਲੀ।

ਦੱਸ ਦਈਏ ਕਿ ਕੱਲ ਮੁੱਖ ਮੰਤਰੀ ਮਾਨ ਨੇ ਆਪਣੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਵਾਲੇ 10 ਵਿਧਾਇਕਾਂ ਦੇ ਨਾਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕਰਦਿਆਂ ਕਿਹਾ ਸੀ ਕਿ ਨਵੀਂ ਕੈਬਨਿਟ ਅੱਜ ਸਹੁੰ ਚੁੱਕੇਗੀ। ਮੰਤਰੀ ਬਣਨ ਵਾਲਿਆਂ ’ਚ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤ ਹੇਅਰ, ਡਾ. ਬਲਜੀਤ ਕੌਰ, ਡਾ. ਵਿਜੈ ਸਿੰਗਲਾ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਹਨ।

Exit mobile version