ਅੰਮ੍ਰਿਤਸਰ ਵਿੱਚ ਕੱਲ੍ਹ ਦੁਪਹਿਰ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਹੋਏ ਕਤਲ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਆਪਣੇ ਹੱਥ ਵਿੱਚ ਲਏ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਦੀ ਟੀਮ ਪੰਜਾਬ ਭੇਜੀ ਗਈ ਹੈ।
ਅਦਾਲਤ ‘ਚ ਪੇਸ਼ ਹੋਇਆ ਮੁਲਜ਼ਮ
ਸੂਰੀ ਕਤਲ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਸੰਦੀਪ ਸਿੰਘ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।
ਹੋਇਆ ਪੋਸਟ ਮਾਰਟਮ
ਸੁਧੀਰ ਸੂਰੀ ਦੀ ਮ੍ਰਿਤਕ ਦੇਹ ਦਾ ਅੱਜ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜ ’ਚ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਤਾਇਨਾਤ ਸਨ। ਹਿੰਦੂ ਜਥੇਬੰਦੀਆਂ ਅਤੇ ਸ਼ਿਵ ਸੈਨਿਕਾਂ ਵਲੋਂ ਮਜੀਠਾ ਰੋਡ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਸੂਤਰਾਂ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਸੂਰੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪੁਰਾਣੇ ਘਰ ਲਜਾਈ ਜਾਵੇਗੀ ਤੇ ਇੱਕ ਸ਼ਵ ਯਾਤਰਾ ਕੱਢੀ ਜਾਵੇਗੀ।
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੰਦ ਦਾ ਅਸਰ
ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੇ ਵਿੱਚ ਬੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਦੇ ਸਮਰਥਕ ਅਤੇ ਆਗੂ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ਉੱਤੇ ਤਾਇਨਾਤ ਹੈ।
ਅੰਮ੍ਰਿਤਸਰ ਦਾ ਮੌਜੂਦਾ ਮਾਹੌਲ
ਸ਼ਿਵ ਸੈਨਾ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਅੰਮ੍ਰਿਤਸਰ ਦੇ ਮੁੱਖ ਬਾਜ਼ਾਰ ਅੱਜ ਬੰਦ ਹਨ। ਪ੍ਰਸ਼ਾਸਨ ਵਲੋਂ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਸ਼ਿਵ ਸੈਨਾ ਦੇ ਸਮਰਥਕਾਂ ਵਲੋਂ ਥਾਂ-ਥਾਂ ਧਰਨੇ ਦਿੱਤੇ ਜਾ ਰਹੇ ਹਨ।
ਸ਼ਹੀਦ ਦਾ ਦਰਜਾ ਦੇਣ ਦੀ ਮੰਗ
ਸੁਧੀਰ ਸੂਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੂਰੀ ਦਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਵਲੋਂ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੇ ਪਰਿਵਰਾਕ ਮੈਂਬਰ ਯੁਵਰਾਜ ਸੂਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਖ਼ਰਾਬ ਹੈ। 17 ਗੰਨਮੈਨ ਤੇ ਵੱਡੀ ਗਿਣਤੀ ਪੁਲਸ ਕਰਮੀ ਹੋਣ ਦੇ ਬਾਵਜੂਦ ਗੋਲੀ ਚੱਲੀ ਹੈ।
”ਸਾਨੂੰ ਹਿੰਦੂ ਤੇ ਸਿੱਖ ਦੋਵਾਂ ਭਾਈਚਾਰੇ ਦੇ ਲੋਕਾਂ ਨੇ ਸਹਿਯੋਗ ਦਿੱਤਾ ਹੈ ਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।’
ਕੀ ਕਿਹਾ ਪੰਜਾਬ ਦੇ ਡੀਜੀਪੀ ਨੇ
ਘਟਨਾਂ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਲੰਘੀ ਰਾਤ ਅੰਮ੍ਰਿਤਸਰ ਪਹੁੰਚੇ ਸਨ। ਗੌਰਵ ਯਾਦਵ ਨੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਹਮਲਾਵਰ ਦੇ ਮੌਕੇ ਉੱਤੇ ਫ਼ੜੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, “ਹਮਲਾ ਕਰਨ ਵਾਲੇ ਵਿਅਕਤੀ ਸੰਦੀਪ ਸਨੀ ਦੀ ਕੱਪੜਿਆ ਦੀ ਦੁਕਾਨ ਹੈ। ਉਸਨੇ ਆਪਣੇ 32 ਬੋਰ ਦੇ ਲਾਇਸੈਂਸਡ ਹਥਿਆਰ ਨਾਲ ਪੰਜ ਬੁਲੇਟ ਫ਼ਾਇਰ ਕੀਤੀਆਂ, ਜਿਨ੍ਹਾਂ ਵਿੱਚੋਂ ਕੁਝ ਸੂਰੀ ਦੇ ਲੱਗੀਆਂ ਤੇ ਉਨ੍ਹਾਂ ਨੂੰ ਫੌਰੀ ਤੌਰ ‘ਤੇ ਹਸਪਤਲਾ ਲਿਜਾਇਆ ਗਿਆ। ਗੌਰਵ ਯਾਦਵ ਨੇ ਮੀਡੀਆ ਨੂੰ ਬਿਨ੍ਹਾਂ ਤਸਦੀਕ ਕੀਤੇ ਪੋਸਟਾਂ ਨਾ ਪਾਉਣ ਦੀ ਅਪੀਲ ਕਰਦਿਆਂ ਅਜਿਹੀ ਸਥਿਤੀ ਵਿੱਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖ਼ੀ।
ਸਿੱਖਾਂ ਬਾਰੇ ਮਾੜਾ ਬੋਲਣ ਵਾਲੇ ਨੇ ਮੰਗੀ ਮੁਆਫ਼ੀ
ਸੂਰੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਸਮਰਥਕ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਸਿੱਖਾਂ ਦੇ ਬਾਰੇ ਇਤਰਾਜ਼ਯੋਗ ਸ਼ਬਦ ਵਰਤ ਰਿਹਾ ਸੀ। ਪਰ ਅੱਜ ਉਸਨੂੰ ਉਸ ਬਿਆਨ ਦੇ ਲਈ ਮੁਆਫ਼ੀ ਵੀ ਮੰਗਣੀ ਪਈ। ਉਸਨੇ ਕਿਹਾ ਕਿ ਸਿੱਖਾਂ ਨਾਲ ਉਨ੍ਹਾਂ ਦਾ ਕੋਈ ਰੌਲਾ ਨਹੀਂ ਹੈ, ਕੱਲ੍ਹ ਜੋ ਬਿਆਨ ਦਿੱਤਾ ਸੀ, ਉਹ ਗੁੱਸੇ ਵਿੱਚ ਦਿੱਤਾ ਗਿਆ ਸੀ।
ਕੌਣ ਹਨ ਸੂਰੀ
ਸੁਧੀਰ ਸੂਰੀ ਅੰਮ੍ਰਿਤਸਰ ਨਾਲ ਸਬੰਧਤ ਸਨ ਅਤੇ ਪੇਸ਼ੇ ਤੋਂ ਟਰਾਂਸਪੋਰਟਰ ਸਨ। ਉਹ ਅੰਮ੍ਰਿਤਸਰ ਤੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਵਿਰੁੱਧ ਧਾਰਾ 295 ਤਹਿਤ ਦੋ ਕੇਸ ਵੀ ਚੱਲ ਰਹੇ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 2021 ਵਿੱਚ ਉਨ੍ਹਾਂ ਦੇ ਕੋਲ ਲਗਭਗ 15 ਸੁਰੱਖਿਆ ਕਰਮਚਾਰੀ ਸਨ। ਉਨ੍ਹਾਂ ਨੂੰ ਵਾਈ ਕੈਟੇਗਰੀ ਦੀ ਸਕਿਊਰਿਟੀ ਮਿਲੀ ਹੋਈ ਸੀ। ਉਹ ਅਕਸਰ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਸਨ।
ਉਨ੍ਹਾਂ ਨੂੰ ਅਪ੍ਰੈਲ 2020 ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਬਲੀਗੀ ਜਮਾਤ ਭਾਈਚਾਰੇ ਦੇ ਵਿਰੁੱਧ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਸੂਰੀ ਨੂੰ ਜੁਲਾਈ 2020 ਵਿੱਚ ਅੰਮ੍ਰਿਤਸਰ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਨ੍ਹਾਂ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਉਹ ਔਰਤਾਂ ਬਾਰੇ ਮਾੜੀ ਸ਼ਬਦਾਵਲੀ ਅਤੇ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਭੜਕਾਉਣ ਵਾਲੀਆਂ ਗੱਲਾਂ ਕਰ ਰਹੇ ਸਨ।
ਬਾਅਦ ਵਿੱਚ ਉਨ੍ਹਾਂ ਨੂੰ ਜੁਲਾਈ 2021 ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਸਿੱਖ ਗੁਰੂਆਂ ਅਤੇ ਸਿੱਖ ਸ਼ਖਸੀਅਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕੀਤੀ ਸੀ।