‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਹੀਂ ਰਹੇ ਭਾਰਤ ਰਤਨ ਅਤੇ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ। ਭਾਰਤ ਦੀ ਕੋਇਲ ਵਜੋਂ ਜਾਣੀ ਜਾਂਦੀ ਗਾਇਤਾ ਲਤਾ ਮੰਗੇਸ਼ਕਰ ਹੁਣ ਸਾਡੇ ਦਰਮਿਆਨ ਨਹੀਂ ਰਹੇ। ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿੱਚ ਅੱਜ ਦੇਹਾਂਤ ਹੋ ਗਿਆ ਹੈ। ਲਤਾ ਮੰਗੇਸ਼ਕਰ ਪਿਛਲੇ ਕਾਫ਼ੀ ਸਮੇਂ ਤੋਂ ਜ਼ੇਰੇ ਇਲਾਜ ਸਨ। ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ। ਲਤਾ ਮੰਗੇਸ਼ਕਰ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਬਾਲੀਵੁੱਡ ਸਮੇਤ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਲਤਾ ਮੰਗੇਸ਼ਕਰ ਲਗਭਗ ਇੱਕ ਮਹੀਨੇ ਤੋਂ ਬਿਮਾਰ ਸਨ। ਉਨ੍ਹਾਂ ਨੂੰ 8 ਜਨਵਰੀ ਨੂੰ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਦੇ ਨਾਲ ਹੀ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ।
ਲਤਾ ਮੰਗੇਸ਼ਕਰ ਦੇ ਬੁਢਾਪੇ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਰੱਖਿਆ। ਸੱਤ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੇ ਇਲਾਜ ‘ਚ ਲੱਗੀ ਹੋਈ ਸੀ। ਹਾਲਾਂਕਿ ਇਲਾਜ ਦੌਰਾਨ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਦੁਬਾਰਾ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਦਾ ਐਲਾਨ ਕੀਤਾ ਹੈ। ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਦੋ ਦਿਨਾ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ। ਅੱਜ ਅਤੇ ਕੱਲ੍ਹ ਦੋ ਦਿਨ ਰਾਸ਼ਟਰੀ ਸ਼ੋਕ ਰਹੇਗਾ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਸਿਆਸੀ ਸ਼ਖਸੀਅਤਾਂ ਅਤੇ ਬੌਲੀਵੁੱਡ ਜਗਤ ਨੇ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਤਾ ਮੰਗੇਸ਼ਕਰ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘ਮੈਂ ਇਸ ਨੂੰ ਆਪਣਾ ਸਨਮਾਨ ਸਮਝਦਾ ਹਾਂ ਕਿ ਮੈਨੂੰ ਲਤਾ ਦੀਦੀ ਤੋਂ ਹਮੇਸ਼ਾ ਅਥਾਹ ਸਨੇਹ ਮਿਲਿਆ ਹੈ। ਉਨ੍ਹਾਂ ਨਾਲ ਮੇਰੀ ਗੱਲਬਾਤ ਅਭੁੱਲ ਹੋਵੇਗੀ। ਮੈਂ ਲਤਾ ਦੀਦੀ ਦੀ ਮੌਤ ‘ਤੇ ਆਪਣੇ ਸਾਥੀ ਭਾਰਤੀਆਂ ਨਾਲ ਸੋਗ ਪ੍ਰਗਟ ਕਰਦਾ ਹਾਂ।
ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਲਿਖਿਆ ਕਿ ਲਤਾ ਮੰਗੇਸ਼ਕਰ ਜੀ ਦੇ ਦੇਹਾਂਤ ਦੀ ਦੁਖਦ ਖ਼ਬਰ ਪ੍ਰਾਪਤ ਹੋਈ ਹੈ। ਉਹ ਕਈ ਦਹਾਕਿਆਂ ਤੱਕ ਭਾਰਤ ਦੀ ਸਭ ਤੋਂ ਪਿਆਰੀ ਆਵਾਜ਼ ਬਣੀ ਰਹੀ। ਉਨ੍ਹਾਂ ਦੀ ਸੁਨਹਿਰੀ ਆਵਾਜ਼ ਅਮਰ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮੈਂ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਮੱਧ-ਵਰਗੀ ਮਰਾਠਾ ਪਰਿਵਾਰ ਵਿੱਚ ਹੋਇਆ ਸੀ। ਭਾਰਤ ਰਤਨ ਪੁਰਸਕਾਰ ਜੇਤੂ ਲਤਾ ਮੰਗੇਸ਼ਕਰ ਨੇ ਸਾਲ 1942 ਵਿੱਚ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ ਉਨ੍ਹਾਂ ਨੂੰ ਪਛਾਣ ਫਿਲਮ ‘ਮਹਿਲ’ ਦੇ ਗੀਤ ‘ਆਏਗਾ ਆਨੇ ਵਾਲਾ’ ਤੋਂ ਮਿਲੀ। ਇਸ ਦੇ ਨਾਲ ਹੀ ਲਤਾ ਮੰਗੇਸ਼ਕਰ ਨੇ 20 ਭਾਸ਼ਾਵਾਂ ਵਿੱਚ 30 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਕਈ ਵੱਕਾਰੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਤਿੰਨ ਵਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਸਾਲ 2011 ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਮੰਗੇਸ਼ਕਰ ਨੂੰ ਕ੍ਰਿਕਟ ਦਾ ਵੀ ਬਹੁਤ ਸ਼ੌਕ ਸੀ।
ਅੱਜ ਭਾਰਤ ‘ਚ ਲਤਾ ਮੰਗੇਸ਼ਕਰ ਨੂੰ ਪੂਜਣ ਦੀ ਹੱਦ ਤੱਕ ਪਿਆਰ ਕੀਤਾ ਜਾਂਦਾ ਹੈ। ਕਈ ਲੋਕ ਉਨ੍ਹਾਂ ਦੀ ਆਵਾਜ਼ ਨੂੰ ਪ੍ਰਮਾਤਮਾ ਦਾ ਸਭ ਤੋਂ ਵਿਲੱਖਣ ਤੋਹਫਾ ਮੰਨਦੇ ਹਨ। ਲਤਾ ਮੰਗੇਸ਼ਕਰ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਮਸ਼ਹੂਰ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਦਿੱਤੀ ਸੀ। ਉਨ੍ਹਾਂ ਨੇ ‘ਲਤਾ ਮੰਗੇਸ਼ਕਰ’ ਸਿਰਲੇਖ ਹੇਠ ਲਿਖੀ ਨਜ਼ਮ ‘ਚ ਲਿਖਿਆ ਸੀ-
ਜਹਾਂ ਰੰਗ ਨਾ ਖੁਸ਼ਬੂ ਹੈ ਕੋਈ
ਤੇਰੇ ਹੋਠੋਂ ਸੇ ਮਹਿਕ ਜਾਤੇ ਹੈਂ ਅਫ਼ਕਾਰ ਮੇਰੇ
ਮੇਰੇ ਲਫ਼ਜ਼ੋਂ ਕੋ ਜੋ ਛੂ ਲੇਤੀ ਹੈ ਆਵਾਜ਼ ਤੇਰੀ
ਸਰਹਦੇਂ ਤੋੜ ਕਰ ਉੜ ਜਾਤੇ ਹੈ ਅਸ਼ਆਰ ਮੇਰੇ।