‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ 3 ਅਕਤੂਬਰ ਨੂੰ ਵਾਪਰੀ ਦਰਦਨਾਕ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਥਾਨਕ ਕਿਸਾਨਾਂ ਤੋਂ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸਆਈਟੀ ਨੇ ਇਸ ਘਟਨਾ ਵਿੱਚ ਤਿੰਨ ਭਾਜਪਾ ਵਰਕਰਾਂ ਦੀ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਹੱ ਤਿਆ ਕਰਨ ਦੇ ਦੋਸ਼ ’ਤੇ ਦਰਜ ਐੱਫਆਈਆਰ ਦੇ ਸਬੰਧ ਵਿੱਚ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕੀਤਾ ਹੈ। 15 ਕਿਸਾਨ ਸੋਮਵਾਰ ਯਾਨਿ ਕੱਲ੍ਹ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ। ਐੱਸਆਈਟੀ ਅਧਿਕਾਰੀ ਨੇ ਕਿਹਾ, ‘ਅਸੀਂ ਦੋਵੇਂ ਐੱਫਆਈਆਰ ਦੀ ਜਾਂਚ ਕਰ ਰਹੇ ਹਾਂ ਅਤੇ ਦੂਜੀ ਐੱਫਆਈਆਰ ਦੇ ਸੰਬੰਧ ਵਿੱਚ ਕਿਸਾਨਾਂ ਨੂੰ ਤਲਬ ਕੀਤਾ ਗਿਆ ਸੀ।’ਸੂਤਰਾਂ ਮੁਤਾਬਕ ਹਰੇਕ ਕਿਸਾਨ ਤੋਂ ਉਨ੍ਹਾਂ ਦੇ ਵਕੀਲ ਮੁਹੰਮਦ ਅਮਾਨ ਦੀ ਮੌਜੂਦਗੀ ਵਿੱਚ 15 ਮਿੰਟ ਤੋਂ ਵੱਧ ਸਮੇਂ ਲਈ ਪੁੱਛ ਪੜਤਾਲ ਕੀਤੀ ਗਈ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ 15 ਕਿਸਾਨਾਂ ਵਿੱਚੋਂ ਸਿਰਫ 11 ਨੇ ਆਪਣੇ ਬਿਆਨ ਦਰਜ ਕੀਤੇ ਹਨ।
ਲਖੀਮਪੁਰ ਖੀਰੀ ਵਿੱਚ 3 ਅਕਤੂਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਟੱਕਰ ਮਾਰ ਕੇ ਮਾਰਨ ਵਾਲੀ ਐੱਸਯੂਵੀ ਦੇ ਅੰਦਰ ਬੈਠੇ ਭਾਜਪਾ ਨੇਤਾ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋਮਵਾਰ ਦੇਰ ਰਾਤ ਏਡੀਜੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਮੁਲਜ਼ਮ ਸੁਮਿਤ ਜੈਸਵਾਲ, ਸ਼ਿਸ਼ੂਪਾਲ, ਨੰਦਨ ਸਿੰਘ ਬਿਸ਼ਟ ਅਤੇ ਸੱਤਿਆ ਪ੍ਰਕਾਸ਼ ਤ੍ਰਿਪਾਠੀ ਨੂੰ ਲਖੀਮਪੁਰ ਖੀਰੀ ਪੁਲੀਸ ਅਤੇ ਕ੍ਰਾਈਮ ਬ੍ਰਾਂਚ ਦੀ ਸਵੈਟ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸੱਤਿਆ ਪ੍ਰਕਾਸ਼ ਤ੍ਰਿਪਾਠੀ ਤੋਂ ਲਾਇਸੈਂਸੀ ਰਿਵਾਲਵਰ ਅਤੇ ਤਿੰਨ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।’