‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤਰ ਗੁਰਦੀਪ ਸਿੰਘ ਮੁੰਡੀ ਸਿਧਾਣਾ ਨੂੰ 8 ਅਪ੍ਰੈਲ ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਅਗਲੇ ਹੀ ਦਿਨ ਛੱਡ ਦਿੱਤਾ ਗਿਆ ਹੈ। ਪੁਲਿਸ ਦੀ ਹਿਰਾਸਤ ਤੋਂ ਬਾਅਦ ਗੁਰਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਗੁਰਦੀਪ ਸਿੰਘ ਨੇ ਪੁਲਿਸ ਦੀ ਹਿਰਾਸਤ ਤੋਂ ਬਾਅਦ ਦੱਸਿਆ ਕਿ ਉਹ ਪਟਿਆਲਾ ’ਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਉਹ 8 ਅਪ੍ਰੈਲ ਨੂੰ ਸ਼ਾਮ ਸਾਢੇ ਚਾਰ ਵਜੇ ਰਾਮਪੁਰਾ ਤੋਂ ਪਟਿਆਲਾ ਲਈ ਰਵਾਨ ਹੋਇਆ ਸੀ, ਜਿੱਥੇ ਉਸ ਨੇ ਪੇਪਰ ਦੇਣੇ ਸਨ। ਉਹ ਸ਼ਾਮ ਨੂੰ ਸਵਾ ਸੱਤ ਵਜੇ ਪਟਿਆਲਾ ਪੁੱਜ ਗਿਆ ਅਤੇ ਸਟੇਸ਼ਨ ਤੋਂ ਉਸ ਦਾ ਦੋਸਤ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ।
ਪੁਲਿਸ ਨੇ ਜ਼ਬਰੀ ਗੱਡੀ ‘ਚ ਬਿਠਾ ਕੇ ਕੀਤੇ ਸਵਾਲ ‘ਤੇ ਸਵਾਲ
ਪਟਿਆਲਾ ਯੂਨੀਵਰਸਿਟੀ ਸੜਕ ‘ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਜਵਾਨਾਂ ਨੇ ਉਸ ਨੂੰ ਜ਼ਬਰੀ ਚੁੱਕ ਲਿਆ ਅਤੇ ਆਪਣੀ ਗੱਡੀ ’ਚ ਬਿਠਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰਾ ਨਾਮ ਪੁੱਛਿਆ ਕਿ ਕੀ ਮੇਰਾ ਨਾਮ ਮੁੰਡੀ ਹੈ। ਉਸ ਤੋਂ ਬਾਅਦ ਉਨਾਂ ਨੇ ਮੈਨੂੰ ਪੁੱਛਿਆ ਕਿ ਲੱਖਾ ਸਿਧਾਣਾ ਕਿੱਥੇ ਬੈ ਪਰ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ। ਉਨ੍ਹਾਂ ਨੇ ਵਾਰ-ਵਾਰ ਮੈਨੂੰ ਇਹੀ ਕਿਹਾ ਕਿ ਲੱਖਾ ਕਿੱਥੇ ਹੈ ਦੱਸਦੇ, ਤੈਨੂੰ ਅਸੀਂ ਇੱਥੇ ਹੀ ਛੱਡ ਜਾਵਾਂਗੇ। ਇਸ ਤੋਂ ਬਾਅਦ ਮੇਰੇ ਦੋਸਤ ਨੂੰ ਮੇਰੇ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਮੇਰੇ ਨਾਲ ਸਵਾਲ ਕਰਦਿਆਂ-ਕਰਦਿਆਂ ਉਨ੍ਹਾਂ ਨੇ ਕਈ ਵਾਰ ਫੋਨ ‘ਤੇ ਕਿਸੇ ਅਧਿਕਾਰੀ ਨਾਲ ਵੀ ਗੱਲ ਕੀਤੀ। ਕਿਸੇ ਅਧਿਕਾਰੀ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਤੇਰਾ ਐਨਕਾਊਂਟਰ ਕਰ ਦਿਆਂਗੇ ਜੇ ਲੱਖਾ ਸਿਧਾਣਾ ਬਾਰੇ ਨਾ ਦੱਸਿਆ। ਗੱਡੀ ਵਿੱਚ ਤਕਰੀਬਨ ਤਿੰਨ-ਚਾਰ ਵਿਅਕਤੀ ਸਨ ਅਤੇ ਉਹ ਮੋਨੇ ਸਨ। ਉਹ ਹਿੰਦੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ।
ਇਸ ਤੋਂ ਬਾਅਦ ਮੇਰੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਅਤੇ ਮੈਨੂੰ ਗੱਡੀ ਵਿੱਚ ਹੀ ਕੁੱਟਿਆ ਗਿਆ। ਉਸ ਤੋਂ ਬਾਅਦ ਮੇਰੇ ਮੂੰਹ ਵਿੱਚ ਕੱਪੜਾ ਪਾਇਆ ਗਿਆ ਅਤੇ ਮੇਰੇ ਹੱਥ ‘ਤੇ ਪਿਸਤੌਲ ਰੱਖ ਕੇ ਮੈਨੂੰ ਧਮਕੀ ਦਿੱਤੀ ਕਿ ਤੇਰੇ ‘ਤੇ ਪਰਚਾ ਦਰਜ ਕੀਤਾ ਜਾਵੇਗਾ ਕਿ ਤੇਰੇ ਕੋਲੋਂ ਪਿਸਤੌਲ ਮਿਲਿਆ ਹੈ। ਕਾਫੀ ਸਮਾਂ ਉਹ ਗੱਡੀ ਘੁਮਾਉਂਦੇ ਰਹੇ ਅਤੇ ਤਕਰੀਬਨ ਅੱਧਾ ਘੰਟਾ ਪਟਿਆਲਾ ਵਿੱਚ ਉਹ ਗੱਡੀ ਰੋਕ ਕੇ ਰੱਖਦੇ ਹਨ। ਪੰਜ-ਛੇ ਘੰਟੇ ਉਹ ਮੇਰੇ ਕੋਲੋਂ ਲੱਖਾ ਸਿਧਾਣਾ ਕਿੱਥੇ ਹੈ, ਬਾਰੇ ਪੁੱਛਦੇ ਰਹੇ। ਉਨ੍ਹਾਂ ਕਿਹਾ ਕਿ ਜੇ ਤੂੰ ਨਾ ਦੱਸਿਆ ਤਾਂ ਅਸੀਂ ਤੇਰੇ ਗੋਲੀ ਮਾਰਨ ਲੱਗੇ ਹਾਂ। ਉਸ ਤੋਂ ਬਾਅਦ ਮੇਰੇ ਦੋਸਤ ਗੁਰਪ੍ਰੀਤ ਨੂੰ ਮੇਰੇ ਨਾਲ ਦੁਬਾਰਾ ਬਿਠਾ ਕੇ ਪੰਜ-ਛੇ ਘੰਟੇ ਲਗਾਤਾਰ ਗੱਡੀ ਚੱਲਦੀ ਹੈ।
ਇੱਕ ਕਮਰੇ ‘ਚ ਲਿਜਾ ਕੇ ਵੀ ਕੀਤੀ ਪੁੱਛ-ਗਿੱਛ
ਸਾਨੂੰ ਇੱਕ ਕਮਰੇ ਵਿੱਚ ਲਿਜਾਇਆ ਜਾਂਦਾ ਹੈ। ਇਹ ਕਮਰਾ ਕਿਸੇ ਥਾਣੇ ਵਰਗਾ ਸੀ ਪਰ ਪੂਰਾ ਥਾਣਾ ਨਹੀਂ ਸੀ। ਉੱਥੇ ਮੇਰੀ ਪੱਟੀ ਖੋਲ੍ਹ ਦਿੱਤੀ ਜਾਂਦੀ ਹੈ। ਰਸਤੇ ਵਿੱਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਸੀਂ ਸਪੈਸ਼ਲ ਸੈੱਲ ਵਾਲੇ ਹਾਂ ਅਤੇ ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਅਸੀਂ ਤੁਹਾਡੇ ਨਾਲ ਕੁੱਝ ਵੀ ਕਰ ਸਕਦੇ ਹਾਂ ਅਤੇ ਕਿਸੇ ਨੂੰ ਤੁਹਾਡੇ ਬਾਰੇ ਪਤਾ ਵੀ ਨਹੀਂ ਲੱਗਣਾ। ਉੱਥੇ ਵੀ ਸਾਨੂੰ ਕੁੱਟਿਆ ਗਿਆ। ਉੱਥੇ ਸਾਡੇ ਕੋਲੋਂ ਕਾਫੀ ਪੁੱਛਗਿੱਛ ਕੀਤੀ ਗਈ ਅਤੇ ਸਾਡੇ ਮੋਬਾਇਲ ਖੋਹੇ ਗਏ। ਪੁਲਿਸ ਮੇਰੇ ‘ਤੇ ਦੇਸ਼ਧ੍ਰੋਹ ਦਾ ਪਰਚਾ ਪਾ ਕੇ ਕੇਸ ਕਰਨਾ ਚਾਹੁੰਦੀ ਸੀ।
ਮੈਨੂੰ ਛੱਡਣ ਲੱਗਿਆ ਪੁਲਿਸ ਨੇ ਕਿਹਾ ਕਿ ਅਸੀਂ ਤੈਨੂੰ ਛੱਡਣ ਲੱਗੇ ਹਾਂ ਪਰ ਤੂੰ ਜਾ ਕੇ ਲੱਖਾ ਸਿਧਾਣਾ ਨੂੰ ਕਹਿ ਕਿ ਉਹ ਕਿਸਾਨੀ ਸੰਘਰਸ਼ ਤੋਂ ਪਿੱਛੇ ਹੋ ਜਾਵੇ ਅਤੇ ਪੁਲਿਸ ਸਾਹਮਣੇ ਪੇਸ਼ ਹੋਵੇ। ਜੇ ਸਾਡੀ ਗੱਲ ਨਾ ਮੰਨੀ ਤਾਂ ਉਸਦਾ ਐਨਕਾਊਂਟਰ ਕਰ ਦਿੱਤਾ ਜਾਵੇਗਾ। ਉਨ੍ਹਾਂ ਮੈਨੂੰ ਵੀ ਧਮਕੀ ਦਿੱਤੀ ਕਿ ਜੇ ਮੈਂ ਬਾਹਰ ਆ ਕੇ ਕਿਸੇ ਨੂੰ ਕੁੱਝ ਦੱਸਿਆ ਤਾਂ ਮੈਨੂੰ ਦੁਬਾਰਾ ਚੁੱਕ ਲੈਣਗੇ ਅਤੇ ਮੇਰਾ ਐਨਕਾਊਂਟਰ ਕਰ ਦੇਣਗੇ।
ਅੰਬਾਲਾ ਤੱਕ ਖੁਦ ਛੱਡ ਕੇ ਗਏ
ਅਗਲੇ ਦਿਨ 9 ਅਪ੍ਰੈਲ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਕੇ ਸਾਨੂੰ ਉਸੇ ਗੱਡੀ ਵਿੱਚ ਬਿਠਾ ਕੇ ਅੰਬਾਲੇ ਤੱਕ ਛੱਡ ਕੇ ਜਾਂਦੇ ਹਨ ਅਤੇ ਸਾਨੂੰ ਅੰਬਾਲੇ ਤੋਂ ਅੱਗੇ ਜਾ ਕੇ ਆਪਣੇ ਫੋਨ ਚਲਾਉਣ ਦੀ ਹਦਾਇਤ ਦਿੱਤੀ ਗਈ ਸੀ। ਅੱਗੋਂ ਇੱਕ ਉਨ੍ਹਾਂ ਦੀ ਹੀ ਸਪੈਸ਼ਲ ਬੱਸ ਸਾਨੂੰ ਪਟਿਆਲੇ ਵਾਪਸ ਛੱਡ ਕੇ ਜਾਂਦੀ ਹੈ। ਇਹ ਬੱਸ ਰੋਡਵੇਜ਼ ਦੀ ਸੀ ਅਤੇ ਬੱਸ ਵਿੱਚ ਤਕਰੀਬਨ ਦੋ-ਚਾਰ ਸਵਾਰੀਆਂ ਸਨ। ਛੱਡਣ ਲੱਗਿਆਂ ਪੁਲਿਸ ਵਾਲਿਆਂ ਨੇ ਮੈਨੂੰ ਇਹ ਵੀ ਕਿਹਾ ਕਿ ਮੇਰਾ ਪੇਪਰ ਹੋ ਚੁੱਕਿਆ ਹੈ। ਉਨ੍ਹਾਂ ਨੇ ਮੇਰੇ ਤੋਂ ਇੱਕ ਖਾਲੀ ਪੇਪਰ ‘ਤੇ ਦਸਤਖਤ ਕਰਵਾਏ ਸਨ। ਜਦੋਂ ਮੈਨੂੰ ਛੱਡਿਆ ਗਿਆ ਸੀ ਤਾਂ ਮੇਰੀ ਹਾਲਤ ਬੇਹੋਸ਼ੀ ਜਿਹੀ ਵਾਲੀ ਸੀ, ਜਿਵੇਂ ਕੁੱਝ ਦਿੱਤਾ ਗਿਆ ਹੋਵੇ।
ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਗੁਰਦੀਪ ਸਿੰਘ ਦੇ ਬਿਆਨ ਲਿਖ ਲਏ ਗਏ ਹਨ, ਜਿਸ ’ਚ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਨੇ ਆਪਣੇ ਪੱਧਰ ‘ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।