‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਨੇ ਲੋਕ ਸਭਾ ‘ਚ ਕਾਨੂੰਨ ਰੱਦ ਹੋਣ ਤੋਂ ਬਾਅਦ ਖੁਸ਼ੀ ਪ੍ਰਗਟਾਉਂਦਿਆਂ ਪੰਜਾਬ ਦੇ ਲੋਕਾਂ ਨੂੰ ਆਪਣੇ ਸੂਬੇ ਨੂੰ ਬਚਾਉਣ ਲਈ ਇੱਕ ਹੋਰ ਲੜਾਈ ਲੜਨ ਦਾ ਸੱਦਾ ਦਿੱਤਾ ਹੈ। ਸਿਧਾਣਾ ਨੇ ਪੰਜਾਬ ‘ਚ ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਦੇ ਐਲਾਨ ਨਾਲ ਇਹ ਵੀ ਕਿਹਾ ਹੈ ਕਿ ਉਹ ਪੰਜਾਬ ਦੇ ਬੁੱਧੀਜੀਵੀ ਵਰਗ, ਗਾਇਕਾਂ ਅਤੇ ਹੋਰ ਰਾਜ ਅਤੇ ਲੋਕਾਂ ਪ੍ਰਤੀ ਭਾਵਨਾ ਰੱਖਣ ਵਾਲੇ ਆਗੂਆਂ ਨੂੰ ਨਾਲ ਲੈ ਕੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ 50 ਤੋਂ ਵੱਧ ਸੀਟਾਂ ਤੋਂ ਚੋਣ ਲੜਨਗੇ।
ਲੱਖਾ ਸਿਧਾਣਾ ਨੇ ਪੰਜਾਬ ਵਿੱਚ ਨਵੀਂ ਪਾਰਟੀ ਦਾ ਇਸੇ ਹਫ਼ਤੇ ਐਲਾਨ ਕਰਨ ਦਾ ਦਾਅਵਾ ਕੀਤਾ ਹੈ। ਸਿਧਾਣਾ ਨੇ ਕਿਹਾ ਕਿ ਉਹ ਖੁਦ ਵੀ ਮਾਲਵੇ ‘ਚ ਪੈਂਦੇ ਮੌੜ ਜਾਂ ਰਾਮਪੁਰਾ ਫੂਲ ਹਲਕੇ ਤੋਂ ਚੋਣ ਲੜਨਗੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮਾਲਵਾ, ਮਾਝੇ ਤੇ ਦੁਆਬੇ ਦੇ ਵੱਖ-ਵੱਖ 50 ਹਲਕਿਆਂ ਤੋਂ ਵੀ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਨਗੇ | ਸਿਧਾਣਾ ਨੇ ਦੱਸਿਆ ਕਿ ਉਮੀਦਵਾਰਾਂ ਦੀ ਸੂਚੀ ‘ਚ ਕਈ ਕਿਸਾਨ ਨੇਤਾ ਵੀ ਸ਼ਾਮਿਲ ਹੋਣਗੇ।