The Khalas Tv Blog Punjab ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੀ ਖੋਲੀ ਪੋਲ ! ‘
Punjab

ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੀ ਖੋਲੀ ਪੋਲ ! ‘

ਬਿਉਰੋ ਰਿਪੋਰਟ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਪ ਸੁਪਰੀਮੋ ਕੇਜਰੀਵਾਲ ਨਾਲ ਅੰਮ੍ਰਿਤਸਰ ਵਿੱਚ ਪਹਿਲਾਂ ‘ਸਕੂਲ ਆਫ ਐਮੀਨੈਂਸ’ ਖੋਲ੍ਹਣ ਦਾ ਦਾਅਵਾ ਕੀਤਾ ਹੈ । ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਹੀ ਇਸ ਦਾਅਵੇ ਦੀ ਹਵਾ ਕੱਢ ਦਿੱਤੀ ਹੈ । ਉਨ੍ਹਾਂ ਨੇ ਕਿਹਾ ਜਿਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਉਹ ਤਾਂ ਪਹਿਲਾਂ ਤੋਂ ਹੀ ਹਾਈਟੈੱਕ ਅਤੇ ਸਮਾਰਟ ਸਕੂਲ ਦੀ ਕੈਟਾਗਰੀ ਵਿੱਚ ਸੀ, ਸਾਡੀ ਸਰਕਾਰ ਨੇ ਇਸ ਵਿੱਚ ਕੁਝ ਨਵਾਂ ਨਹੀਂ ਕੀਤਾ ਹੈ ।

ਵਿਧਾਇਕ ਨਿੱਝਰ ਦੇ ਪੋਸਟ ਜ਼ਰੀਏ ਵਿਜੇ ਪ੍ਰਤਾਪ ਨੇ ਚੁੱਕੇ ਸਵਾਲ

ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਦੇ ਫੇਸਬੁਕ ਪੋਸਟ ‘ਤੇ ਸਵਾਲ ਚੁੱਕੇ ਜਿਸ ਵਿੱਚ ਨਿੱਜਰ ਨੇ ਸਕੂਲ ਦੀਆਂ ਫ਼ੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ‘ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚ ਨਵੇਕਲੀ ਪਹਿਲ’। ਕੁੰਵਰ ਵਿਜੇ ਪ੍ਰਤਾਪ ਨੇ ਇਸੇ ‘ਤੇ ਸਵਾਲ ਖੜੇ ਕਰਦੇ ਹੋਏ ਪੁੱਛਿਆ ‘ਡਾਕਟਰ ਸਾਹਬ ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਜੀ,ਇਹ ਸਕੂਲ ਮੈਨੂੰ ਵੀ ਜ਼ਰੂਰ ਦਿਖਾਵੋ,ਜੇਕਰ ਇਹ ਨਵਾਂ ਬਣਿਆ ਹੋਵੇ । ਜਿੱਥੇ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇੱਕ ਬਿਹਤਰੀਨ ਸਕੂਲ ਹੈ ਅਤੇ ਇਸ ਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ । ਪਿਛਲੀਆਂ ਸਰਕਾਰਾਂ ਵੱਲੋਂ, ਇਸ ਸਕੂਲ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ‘ਤੇ । ਇਹ ਜ਼ਰੂਰ ਹੈ ਕਿ ਕੁਝ ਨਵੇਂ ਰੇਨੋਵੇਸ਼ਨਸ ਹੁਣ ਕਰਾਏ ਗਏ ਹਨ । ਜਿੱਥੇ ਤੱਕ ਮੈਨੂੰ ਪਤਾ ਹੈ ਸ੍ਰੀ ਸਤਪਾਲ ਡਾਂਗ ਜੀ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ । ਉਨ੍ਹਾਂ ਦੀ ਭਤੀਜੀ ਮਧੂ ਡਾਂਗ ਜੀ ਨੇ ਹਾਲ ਹੀ ਵਿੱਚ ਪ੍ਰੋਗਰਾਮ ਇੱਥੇ ਕਰਾਏ ਸੀ ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ । ਨਤੀਜੇ ਵੀ ਇਸ ਸਕੂਲ ਦੇ ਬਹੁਤ ਹੀ ਚੰਗੇ ਹੁੰਦੇ ਹਨ। ਕਾਫ਼ੀ ਸਮੇਂ ਤੋਂ ਮੈਂ ਵੇਖ ਰਿਹਾ ਹਾਂ। ਅਸੀਂ ਤਾਂ ਨਵੇਂ ਬਿਹਤਰੀਨ ਸਕੂਲ ਬਣਾਉਣ ਦੇ ਵਾਅਦੇ ਕੀਤੇ ਸੀ । ਕਿਰਪਾ ਕਰਕੇ ਚਾਨਣਾ ਪਾਓ ਜੀ’ । ਉੱਧਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ ।

ਸੁਖਪਾਲ ਖਹਿਰਾ ਨੇ ਚੁੱਕੇ ਸਵਾਲ

ਭੁੱਲਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁੰਵਰ ਵਿਜੇ ਪ੍ਰਤਾਪ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਭਗਵੰਤ ਮਾਨ ਅਤੇ ਕੇਜਰੀਵਾਲ ਇਹ ਸ਼ਰਮਨਾਕ ਹੈ ਤੁਸੀਂ ਲੋਕਾਂ ਦੇ ਕਰੋੜਾਂ ਰੁਪਏ ਇੱਕ ਪਹਿਲਾਂ ਤੋਂ ਤਿਆਰ ਸਮਾਰਟ ਸਕੂਲ ਦੇ ਮੁੜ ਉਦਘਾਟਨ ‘ਤੇ ਖ਼ਰਚ ਕਰ ਦਿੱਤੇ,ਕੁੰਵਰ ਵਿਜੇ ਪ੍ਰਤਾਪ ਨੇ ਤੁਹਾਡੀ ਪੋਲ ਖੋਲ੍ਹ ਦਿੱਤੀ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਸਕੂਲ ਪਿਛਲੀ ਸਰਕਾਰ ਨੇ ਬਣਾਇਆ ਸੀ ਅਤੇ ਇਹ ਪਹਿਲਾਂ ਤੋਂ ਹੀ ਕਾਫ਼ੀ ਚੰਗਾ ਚੱਲ ਰਿਹਾ ਸੀ । ਤਾਂ ਫਿਰ ਇਹ ਤਮਾਸ਼ਾ ਕਿਉਂ ਕੀਤਾ ਗਿਆ । ਤੁਸੀਂ 750 ਬੱਸਾਂ ਭਰ ਕੇ ਕਿਉਂ ਲਿਆਏ, ਪੰਜਾਬ ਇਸ ਗੱਲ ਦਾ ਜਵਾਬ ਚਾਹੁੰਦਾ ਹੈ ।

ਕੁੰਵਰ ਵਿਜੇ ਪ੍ਰਤਾਪ ਦੇ ਬਾਗ਼ੀ ਤੇਵਰ ਨਵੇਂ ਨਹੀਂ

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਮਾਨ ਸਰਕਾਰ ਨੂੰ ਲੈ ਕੇ ਸਵਾਲ ਚੁੱਕੇ ਹੋਣ। ਵਿਧਾਨਸਭਾ ਇਜਲਾਸ ਦੌਰਾਨ ਵੀ ਉਹ ਕਈ ਵਾਰ ਬੇਅਦਬੀ ਮੁੱਦੇ ‘ਤੇ ਸਰਕਾਰ ਨੂੰ ਆਪਣਾ ਵਾਅਦਾ ਯਾਦ ਕਰਵਾਉਂਦੇ ਰਹਿੰਦੇ ਹਨ । ਕੁਝ ਮਹੀਨੇ ਪਹਿਲਾਂ ਜਦੋਂ ਗੋਲੀਕਾਂਡ ਮਾਮਲੇ ਵਿੱਚ SIT ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਸਵਾਲ ਚੁੱਕ ਦੇ ਹੋਏ ਕਿਹਾ ਇਹ ਸਿਰਫ਼ ਲੋਕਾਂ ਨੂੰ ਧੋਖਾ ਦੇਣ ਲਈ ਬਣਾਈ ਗਈ ਹੈ ਇਸ ਵਿੱਚ ਕੋਈ ਦਮ ਨਹੀਂ ਹੈ । ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਇਹ ਹੀ ਦਾਅਵਾ ਕੀਤਾ ਸੀ ਕਿ ਮੈਂ ਇਕੱਲਾ ਬੇਅਦਬੀ ਅਤੇ ਗੋਲੀਕਾਂਡ ਦੀ ਜੰਗ ਲੜ ਰਿਹਾ ਹਾਂ । ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਸੀ ਇਹ ਲੜਾਈ ਹੁਣ ਸਿੱਧੀ ਕੁੰਵਰ ਵਿਜੇ ਪ੍ਰਤਾਪ ਅਤੇ ਭਗਵੰਤ ਮਾਨ ਵਿਚਾਲੇ ਹੈ।

Exit mobile version