‘ਦ ਖ਼ਾਲਸ ਬਿਊਰੋ ( ਜਲੰਧਰ ) :- ਜਲੰਧਰ ‘ਚ 2 ਲੁਟੇਰਿਆਂ ਨੂੰ ਸਬਕ ਸਿਖਾਉਣ ਵਾਲੀ ਕੁਸੁਮ ਨੂੰ ਪੂਰੇ ਸੂਬੇ ਵਲੋਂ ਹੌਂਸਲਾ ਤੇ ਤੋਹਫੇ ਦਿਤੇ ਜਾ ਰਹੇ ਹਨ। ਇਸ ਦੌਰਾਨ ਜਿਥੇ ਲੋਕ ਉਸ ਦੀ ਬਹਾਦਰੀ ਦੇ ਚਰਚੇ ਕਰ ਰਹੇ ਹਨ, ਉਥੇ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਵੀ ਉਸ ਦਾ ਹੌਂਸਲਾ ਅਫਜ਼ਾਈ ਕਰਦਿਆਂ ਕੁਸੁਮ ਨੂੰ ਇੱਕ ਮੋਬਾਈਲ ਤੋਹਫੇ ਵਜੋਂ ਦਿੱਤਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਕੁਸੁਮ ਲਈ ਇਹ ਮੋਬਾਈਲ ਫੋਨ ਇੱਕ NRI ਵੱਲੋਂ ਭੇਜਿਆ ਗਿਆ ਹੈ।
ਇਸ ਮੌਕੇ ‘ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਲੜਕੀ ਦੀ ਬਹਾਦਰੀ ਨੂੰ ਦੇਖਦਿਆਂ ਉਸ ਦੇ ਦੋਸਤ ਨੇ ਮੋਬਾਈਲ ਭੇਜਿਆ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇੱਕ ਹੋਰ ਵਿਅਕਤੀ ਨੇ ਕੁਸੁਮ ਲਈ 51 ਹਜ਼ਾਰ ਰੁਪਏ ਭੇਜਣ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਲੰਧਰ ‘ਚ ਕੁਸੁਮ ਟਿਊਸ਼ਨ ਪੜ੍ਹ ਕੇ ਘਰ ਵਾਪਸ ਜਾ ਰਹੀ ਸੀ ਤਾਂ ਬਦਮਾਸ਼ਾਂ ਨੇ ਇਸ ਲੜਕੀ ਦਾ ਮੋਬਾਈਲ ਖੋਹ ਲਿਆ ਤੇ ਫਰਾਰ ਹੋਣ ਦੀ ਫ਼ਿਰਾਕ ‘ਚ ਸਨ। ਪਰ ਇਸ ਲੜਕੀ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਦੂਸਰੇ ਲੜਕੇ ਨੇ ਲੜਕੀ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦਾ ਹੱਥ ਕੱਟ ਗਿਆ ਸੀ।