‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚੋਂ ਖੁਲਾਸਾ ਕਰਦਿਆਂ ਦੱਸਿਆ ਕਿ ‘14 ਅਕਤੂਬਰ 2015 ਵਾਲੀ ਘਟਨਾ ਸਬੰਧੀ ਸੀਸੀਟੀਵੀ ਵਿੱਚ ਸਾਫ ਦਿਖਦਾ ਹੈ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਦਿਆਂ ਗੁਰਬਾਣੀ ਪਾਠ ਕਰਦੀ ਸੰਗਤ ਉੱਪਰ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਨੇ ਸੋਚੇ-ਸਮਝੇ ਢੰਗ ਮੁਤਾਬਕ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਅਤੇ ਅੰਨ੍ਹੇਵਾਹ ਗੋਲੀ ਚਲਾਈ। ਇਸ ਗੋਲੀਕਾਂਡ ਵਿੱਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਹੋਰ ਕਈ ਲੋਕ ਜ਼ਖਮੀ ਹੋ ਗਏ।
ਇਹ ਸਭ ਚੜ੍ਹਦੇ ਦਿਨ ਧਰਨਾ ਚੁਕਾਉਣ ਲਈ ਤਤਕਾਲੀਨ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਦਿੱਤੇ ਹੁਕਮਾਂ ਅਨੁਸਾਰ ਵਾਪਰਿਆ। ਹਾਲਾਂਕਿ, ਪਿਛਲੇ ਦਿਨੀਂ ਇਸੇ ਇਲਾਕੇ ਵਿੱਚ ਡੇਰਾ ਪ੍ਰੇਮੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਇਸ ਤੋਂ ਵੀ ਵੱਡੇ ਤੇ ਹਿੰਸਕ ਧਰਨੇ ਲੱਗਦੇ ਰਹੇ ਸਨ ਪਰ ਪੁਲਿਸ ਨੇ ਕਦੇ ਇੰਨੀ ਅਰਾਜਕਤਾ ਨਹੀਂ ਦਿਖਾਈ ਸੀ। ਪੁਲਿਸ ਦਾ ਇਹ ਹਮਲਾ ਇੰਨਾ ਯੋਜਨਾਬੱਧ ਸੀ ਕਿ ਪੁਲਿਸ ਕਾਰਵਾਈ ਤੋਂ ਕੁੱਝ ਘੰਟੇ ਪਹਿਲਾਂ ਇਲਾਕੇ ਦੇ ਡਾਕਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਲਈ ਤਿਆਰ ਰਹਿਣ ਲਈ ਸੁਚੇਤ ਕੀਤਾ ਗਿਆ ਸੀ’।
ਵਿਧਾਇਕ ਮਨਤਾਰ ਬਰਾੜ ਦੀ ਕਾਰਗੁਜ਼ਾਰੀ ਬਾਰੇ ਪਾਇਆ ਚਾਨਣਾ
ਸਿੱਧੂ ਨੇ ਜਾਂਚ ਰਿਪੋਰਟ ਵਿੱਚੋਂ ਖੁਲਾਸਾ ਕਰਦਿਆਂ ਕਿਹਾ ਕਿ ‘ਉਸ ਸਮੇਂ ਵਿਧਾਇਕ ਮਨਤਾਰ ਬਰਾੜ ਨੇ ਤਤਕਲੀ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ। ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਮਨਤਾਰ ਬਰਾੜ ਨੇ ਲੋਕਾਂ ਨੂੰ ਕਿਹਾ ਕਿ ਮੁੱਖ ਮੰਤਰੀ ਨੇ ਕੁੱਝ ਕਰਨ ਦਾ ਭਰੋਸਾ ਦਿੱਤਾ ਹੈ।