The Khalas Tv Blog India ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ: ਮਮਤਾ ਨੇ ਮੰਗੀ ਮੁਆਫ਼ੀ! “ਡਾਕਟਰ ਕੰਮ ’ਤੇ ਪਰਤਣ, ਮੈਂ ਅਸਤੀਫ਼ਾ ਦੇਣ ਨੂੰ ਤਿਆਰ”
India

ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ: ਮਮਤਾ ਨੇ ਮੰਗੀ ਮੁਆਫ਼ੀ! “ਡਾਕਟਰ ਕੰਮ ’ਤੇ ਪਰਤਣ, ਮੈਂ ਅਸਤੀਫ਼ਾ ਦੇਣ ਨੂੰ ਤਿਆਰ”

ਬਿਉਰੋ ਰਿਪੋਰਟ: ਕੋਲਕਾਤਾ ਜ਼ਬਰਜਨਾਹ-ਕਤਲ ਮਾਮਲੇ ਵਿੱਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਅਤੇ ਮਮਤਾ ਬੈਨਰਜੀ ਦੀ ਸਰਕਾਰ ਵਿਚਾਲੇ ਟਕਰਾਅ ਜਾਰੀ ਹੈ। ਜੂਨੀਅਰ ਡਾਕਟਰ ਇਨਸਾਫ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਹਨ। ਇਸ ਵਿਚਾਲੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਹਿ ਦਿੱਤਾ ਹੈ ਕਿ ਡਾਕਟਰ ਕੰਮ ’ਤੇ ਪਰਤਣ, ਮੈਂ ਅਸਤੀਫ਼ਾ ਦੇਣ ਨੂੰ ਤਿਆਰ ਹਾਂ।

ਸੂਬੇ ਦੇ ਮੁੱਖ ਸਕੱਤਰ ਮਨੋਜ ਮੀਤ ਨੇ ਅੱਜ ਵੀਰਵਾਰ ਨੂੰ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੂੰ ਗੈਰ ਰਸਮੀ ਗੱਲਬਾਤ ਲਈ ਸੱਦਾ ਦਿੱਤਾ ਸੀ, ਪਰ ਮਮਤਾ ਬੈਨਰਜੀ ਦੇ 2 ਘੰਟੇ 10 ਮਿੰਟ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਜਦੋਂ ਡਾਕਟਰ ਗੱਲਬਾਤ ਲਈ ਤਿਆਰ ਨਹੀਂ ਹੋਏ ਤਾਂ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਸਵਾਲ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਮੁਆਫੀ ਮੰਗੀ ਅਤੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲੈਣ ਨਹੀਂ ਆਏ। ਉਨ੍ਹਾਂ ਨੂੰ ਕੁਰਸੀ ਚਾਹੀਦੀ ਹੈ। ਮੈਂ ਲੋਕਾਂ ਦੇ ਭਲੇ ਲਈ ਅਸਤੀਫ਼ਾ ਦੇਣ ਲਈ ਤਿਆਰ ਹਾਂ। ਮੈਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਚਾਹੀਦਾ। ਮੈਂ ਚਾਹੁੰਦੀ ਹਾਂ ਕਿ ਦੋਸ਼ੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਤਿੰਨ ਦਿਨਾਂ ਤੱਕ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਉਡੀਕ ਕੀਤੀ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ। ਅਸੀਂ ਆਮ ਲੋਕਾਂ ਦੇ ਇਲਾਜ ਲਈ ਇਨਸਾਫ਼ ਚਾਹੁੰਦੇ ਹਾਂ।

ਮਮਤਾ ਬੈਨਰਜੀ ਨੇ ਕਿਹਾ ਕਿ 27 ਲੋਕਾਂ ਦੀ ਬਿਨਾਂ ਇਲਾਜ ਦੇ ਮੌਤ ਹੋ ਗਈ ਹੈ। ਮੇਰਾ ਦਿਲ ਸਾਰਿਆਂ ਲਈ ਰੋ ਰਿਹਾ ਹੈ। ਅਸੀਂ ਡਾਕਟਰਾਂ ਨੂੰ ਰੱਬ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਗੱਲਬਾਤ ਕਰਨ ਵਾਸਤੇ ਦੋ ਘੰਟੇ ਇੰਤਜ਼ਾਰ ਕਰਦੀ ਰਹੀ, ਪਰ ਕੋਈ ਨਹੀਂ ਆਇਆ। ਬੁੱਧਵਾਰ ਨੂੰ ਵੀ ਇੰਤਜ਼ਾਰ ਕਰਨਾ ਪਿਆ। ਮੈਂ ਇਸਨੂੰ ਹੰਕਾਰ ਵਜੋਂ ਨਹੀਂ ਦੇਖਦੀ। ਕਈ ਸੀਨੀਅਰ ਡਾਕਟਰ ਦਰਦ ਨਾਲ ਡਿਊਟੀ ਨਿਭਾ ਰਹੇ ਹਨ।

ਜੂਨੀਅਰ ਡਾਕਟਰਾਂ ਦਾ 30 ਮੈਂਬਰੀ ਵਫ਼ਦ ਨਾਬਨ ਪੁੱਜਿਆ ਪਰ ਧਰਨਾਕਾਰੀ ਡਾਕਟਰ ਗੱਲਬਾਤ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕਰਦੇ ਰਹੇ ਪਰ ਸੂਬਾ ਪ੍ਰਸ਼ਾਸਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਨੂੰ ਲੈ ਕੇ ਡੈੱਡਲਾਕ ਬਣਿਆ ਹੋਇਆ ਹੈ।

ਦੱਸ ਦੇਈਏ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਅਤੇ ਉਸ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।

Exit mobile version