The Khalas Tv Blog India ਕੋਲਕਾਤਾ ਬਲਾਤਕਾਰ-ਕਤਲ ਮਾਮਲਾ – ਭਾਜਪਾ ਦਾ ਅੱਜ ਬੰਗਾਲ ਬੰਦ ਪ੍ਰਦਰਸ਼ਨ
India

ਕੋਲਕਾਤਾ ਬਲਾਤਕਾਰ-ਕਤਲ ਮਾਮਲਾ – ਭਾਜਪਾ ਦਾ ਅੱਜ ਬੰਗਾਲ ਬੰਦ ਪ੍ਰਦਰਸ਼ਨ

ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਨੇ ਅੱਜ ਸਵੇਰੇ 6 ਵਜੇ ਤੋਂ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। 27 ਅਗਸਤ ਨੂੰ ਨੰਬਨਾ ਮਾਰਚ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਨੇ ਇਸ ਨੂੰ ‘ਬੰਗਾਲ ਬੰਦ’ ਦਾ ਨਾਂ ਦਿੱਤਾ ਹੈ।

ਭਾਜਪਾ ਆਗੂ ਤੇ ਵਰਕਰ ਸੜਕਾਂ ‘ਤੇ ਹਨ। ਪੁਲਿਸ ਨੇ ਅਲੀਪੁਰਦੁਆਰ ਵਿੱਚ ਭਾਜਪਾ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ।ਭਾਜਪਾ ਵਿਧਾਇਕ ਅਸ਼ੋਕ ਕੀਰਤਨੀਆ ਦੀ ਅਗਵਾਈ ‘ਚ ਵਰਕਰਾਂ ਨੇ ਉੱਤਰੀ 24 ਪਰਗਨਾ ਦੇ ਬਨਗਾਂਵ ਸਟੇਸ਼ਨ ‘ਤੇ ਟਰੇਨ ਰੋਕ ਦਿੱਤੀ। ਕੂਚ ਬਿਹਾਰ ‘ਚ ਸਰਕਾਰੀ ਬੱਸ ਡਰਾਈਵਰਾਂ ਨੂੰ ਹੈਲਮੇਟ ਪਹਿਨ ਕੇ ਗੱਡੀ ਚਲਾਉਂਦੇ ਦੇਖਿਆ ਗਿਆ। ਵਿਧਾਨਨਗਰ ਵਿੱਚ ਦੁਕਾਨਾਂ ਬੰਦ ਰਹੀਆਂ।

ਬੰਗਾਲ ਸਰਕਾਰ ਨੇ ਭਾਜਪਾ ਦੇ ਬੰਦ ਦਾ ਵਿਰੋਧ ਕੀਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਅਲਪਨ ਬੰਦੋਪਾਧਿਆਏ ਨੇ ਕਿਹਾ ਕਿ ਸਰਕਾਰ ਬੁੱਧਵਾਰ (28 ਅਗਸਤ) ਨੂੰ ਕਿਸੇ ਵੀ ਬੰਦ ਦੀ ਇਜਾਜ਼ਤ ਨਹੀਂ ਦੇਵੇਗੀ। ਲੋਕਾਂ ਨੂੰ ਇਸ ਵਿੱਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਗਈ ਹੈ।

ਸਰਕਾਰੀ ਹੁਕਮ – ਜੇਕਰ ਕਰਮਚਾਰੀ ਛੁੱਟੀ ਲੈਂਦੇ ਹਨ ਤਾਂ ਤਨਖਾਹ ਕੱਟੀ ਜਾਵੇਗੀ

ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 28 ਅਗਸਤ ਨੂੰ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਅਚਨਚੇਤ ਛੁੱਟੀ ਨਹੀਂ ਦਿੱਤੀ ਜਾਵੇਗੀ। ਨਾ ਹੀ ਪੂਰੇ ਦਿਨ ਲਈ ਕਿਸੇ ਦੀ ਛੁੱਟੀ ਮਨਜ਼ੂਰ ਕੀਤੀ ਜਾਵੇਗੀ। ਜਿਹੜੇ ਕਰਮਚਾਰੀ 27 ਅਗਸਤ ਨੂੰ ਛੁੱਟੀ ‘ਤੇ ਸਨ, ਉਨ੍ਹਾਂ ਨੂੰ 28 ਅਗਸਤ ਨੂੰ ਡਿਊਟੀ ‘ਤੇ ਪਰਤਣਾ ਪਵੇਗਾ। ਜੇਕਰ ਕੋਈ ਛੁੱਟੀ ‘ਤੇ ਹੈ ਤਾਂ ਉਸ ਦੀ ਇਕ ਦਿਨ ਦੀ ਤਨਖਾਹ ਕੱਟੀ ਜਾਵੇਗੀ।

ਨਬੰਨਾ ਮਾਰਚ ‘ਚ 100 ਤੋਂ ਵੱਧ ਵਿਦਿਆਰਥੀ ਜ਼ਖਮੀ, 200 ਤੋਂ ਵੱਧ ਗ੍ਰਿਫਤਾਰ

ਮੰਗਲਵਾਰ (27 ਅਗਸਤ) ਨੂੰ ਪੱਛਮੀ ਬੰਗਾ ਦੇ ਵਿਦਿਆਰਥੀ ਸਮਾਜ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੋਲਕਾਤਾ ਦੇ ਸੂਬਾ ਸਕੱਤਰੇਤ ਨਬੰਨਾ ਵੱਲ ਮਾਰਚ ਕੱਢਿਆ। ਵੱਡੀ ਗਿਣਤੀ ‘ਚ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨ ਦੌਰਾਨ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ।

ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਵਿੱਚ 100 ਤੋਂ ਵੱਧ ਵਿਦਿਆਰਥੀ ਅਤੇ 25 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। 200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਦੁਪਹਿਰ ਕਰੀਬ 12.30 ਵਜੇ ਸ਼ੁਰੂ ਹੋਇਆ ਅਤੇ ਸ਼ਾਮ 6.30 ਵਜੇ ਤੱਕ ਜਾਰੀ ਰਿਹਾ। ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਨੇ 6 ਹਜ਼ਾਰ ਪੁਲਿਸ ਮੁਲਾਜ਼ਮ ਸੜਕਾਂ ‘ਤੇ ਭੇਜੇ ਸਨ।

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 8-9 ਅਗਸਤ ਦੀ ਰਾਤ ਨੂੰ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਸੜਕਾਂ ‘ਤੇ ਉਤਰ ਆਏ। ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਰੱਦ ਕਰ ਦਿੱਤੀ। ਹਾਲਾਂਕਿ ਕੋਲਕਾਤਾ ‘ਚ ਪ੍ਰਦਰਸ਼ਨ ਜਾਰੀ ਹਨ।

Exit mobile version