The Khalas Tv Blog India Kohlapur Case: ਮਾਂ ਦੀ ਗੱਲ ਮੰਨ ਕੇ ਸਕੇ ਪੁੱਤ ਨੇ ਮਾਂ ਨੂੰ ਪਕਾ ਕੇ ਖਾ ਲਿਆ
India

Kohlapur Case: ਮਾਂ ਦੀ ਗੱਲ ਮੰਨ ਕੇ ਸਕੇ ਪੁੱਤ ਨੇ ਮਾਂ ਨੂੰ ਪਕਾ ਕੇ ਖਾ ਲਿਆ

ਮਹਾਰਾਸ਼ਟਰ ਦੇ ਕੋਲਹਾਪੁਰ ਦੀ ਇੱਕ ਤੰਗ ਗਲੀ ਵਿੱਚ ਬਣੀ ਗਰੀਬ ਪਰਿਵਾਰ ਦੀ ਟੀਨ ਦੀ ਛੱਤ ਵਾਲੀ ਝੁੱਗੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਨਾ ਸਿਰਫ਼ ਪੁਲਿਸ ਨੂੰ, ਸਗੋਂ ਪੂਰੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਬੁੱਢੀ ਮਾਂ, ਯੱਲਵਾ ਰਾਮਾ ਕੁਚਕੋਰਵੀ, ਦੀ ਕੱਟੀ-ਵੱਢੀ ਮ੍ਰਿਤਕ ਦੇਹ ਉਸ ਦੇ ਹੀ ਘਰ ਵਿੱਚ ਪਈ ਸੀ। ਉਸ ਦੇ ਨਾਲ ਬੈਠਾ ਸੀ ਉਸ ਦਾ ਛੋਟਾ ਮੁੰਡਾ ਸੁਨੀਲ ਜਿਸ ਦੇ ਹੱਥ ਤੇ ਮੂੰਹ ਖੂਨ ਨਾਲ ਰੰਗੇ ਹੋਏ ਸੀ ਅਤੇ ਉਹ ਕੁਝ ਮਾਸ ਵਰਗਾ ਖਾ ਰਿਹਾ ਸੀ. ਜਦੋਂ ਇਸ ਦਾ ਸੱਚ ਸਾਹਮਣੇ ਆਇਆ, ਤਾਂ ਹਰ ਕੋਈ ਸੁੰਨ ਹੋ ਗਿਆ ਕਿਉਂਕਿ ਉਹ ਮਾਸ ਉਸ ਦੀ ਮਾਂ ਦਾ ਹੀ ਸੀ।

ਇਹ ਕਹਾਣੀ ਸੁਨੀਲ ਕੁਚਕੋਰਵੀ ਦੀ ਹੈ, ਜਿਸ ਨੇ ਨਾ ਸਿਰਫ਼ ਆਪਣੀ ਮਾਂ ਦੀ ਜਾਨ ਲਈ ਸਗੋਂ ਉਸ ਦੇ ਸਰੀਰ ਦੇ ਅੰਗ ਕੱਟ ਕੇ ਭੁੰਨ ਕੇ ਖਾ ਲਏ ਅਤੇ ਕਲੇਜਾ ਵੀ ਕੱਢ ਕੇ ਖਾ ਗਿਆ ਕਿਉਂਕਿ ਉਸਦੀ ਮਾਂ ਨੇ ਉਸਨੂੰ ਕਹਿ ਦਿੱਤਾ ਸੀ ਕਿ ਜੇ ਤੇਰਾ ਮਟਨ ਖਾਣ ਨੂੰ ਦਿਲ ਕਰਦਾ ਤਾਂ ਮੈਨੂੰ ਵੱਢ ਕੇ ਖਾ ਜਾ ਤੇ ਉਹ ਇਸ ਗੱਲ ਨੂੰ ਸੀਰੀਅਸ ਲੈ ਗਿਆ। ਇਹ ਘਟਨਾ 2013-14 ਤੋਂ ਬਾਅਦ ਸੁਨੀਲ ਦੀ ਨਸ਼ਿਆਂ ਦੀ ਲਤ ਅਤੇ ਗਰੀਬੀ ਦੀ ਤ੍ਰਾਸਦੀ ਦਾ ਨਤੀਜਾ ਸੀ।

ਸੁਨੀਲ ਦੇ ਪਿਤਾ, ਜੋ ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀ ਸਨ ਉਹ ਇੱਕ ਸਾਲ ਪਹਿਲਾਂ ਜਹਾਨੋਂ ਰੁਖਸਤ ਹੋ ਚੁੱਕੇ ਸੀ। ਉਹਨਾਂ ਦੀ ਪੈਨਸ਼ਨ ਦੋ ਪਤਨੀਆਂ ਵਿੱਚ ਵੰਡੀ ਜਾਂਦੀ ਸੀ, ਜਿਸ ਵਿੱਚ ਸੁਨੀਲ ਦੀ ਮਾਂ ਨੂੰ ਮਹਿਜ਼ 6 ਹਜ਼ਾਰ ਰੁਪਏ ਮਿਲਦੇ ਸਨ। ਸੁਨੀਲ, ਜੋ ਪਹਿਲਾਂ ਵੈਲਡਿੰਗ ਦੀ ਦੁਕਾਨ ‘ਤੇ ਕੰਮ ਕਰਦਾ ਸੀ, ਨਸ਼ਿਆਂ ਦੀ ਲਤ ਕਾਰਨ ਨੌਕਰੀ ਤੋਂ ਕੱਢਿਆ ਗਿਆ। ਉਹ ਮਾਂ ਤੋਂ ਸ਼ਰਾਬ ਅਤੇ ਨਸ਼ਿਆਂ ਲਈ ਪੈਸੇ ਮੰਗਦਾ, ਅਤੇ ਇਨਕਾਰ ਕਰਨ ‘ਤੇ ਕੁੱਟਮਾਰ ਕਰਦਾ ਰਹਿੰਦਾ ਸੀ। ਘਟਨਾ ਵਾਲੇ ਦਿਨ, ਦੁਪਹਿਰ 12 ਵਜੇ ਦੇ ਆਸਪਾਸ, ਸੁਨੀਲ ਅਤੇ ਉਸਦੀ ਮਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ।

ਜਦੋਂ ਉਹ ਨਾ ਮੰਨਿਆ ਤਾਂ ਉਸਦੀ ਵਿਚਾਰੀ ਮਾਂ ਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ ਕਿ ਜੇ ਤੈਨੂੰ ਮਟਨ ਦਾ ਇੰਨਾ ਸ਼ੌਕ ਹੈ, ਤਾਂ ਮੈਨੂੰ ਹੀ ਮਾਰ ਕੇ ਖਾ ਲੈ!” ਅਤੇ ਸੁਨੀਲ ਨੇ ਸ਼ਾਇਦ ਇਸ ਨੂੰ ਸੀਰੀਅਸ ਲੈ ਲਿਆ। ਲੜਾਈ ਤੋਂ ਕੁਝ ਸਮੇਂ ਬਾਅਦ ਥੱਲੇ ਗਲੀ ‘ਚ ਖੇਡ ਰਹੀ ਸੁਨੀਲ ਦੀ 8 ਸਾਲ ਦੀ ਭਤੀਜੀ ਨੇ ਨਾਲੀ ਵਿੱਚ ਖੂਨ ਵਗਦਾ ਦੇਖਿਆ ਅਤੇ ਉਹ ਸੁਨੀਲ ਦੇ ਘਰ ਪਹੁੰਚੀ, ਜਿੱਥੇ ਉਸ ਨੇ ਦੇਖਿਆ ਕਿ ਉਸ ਦੀ ਦਾਦੀ ਦੀ ਮ੍ਰਿਤਕ ਦੇਹ ਪਈ ਸੀ ਅਤੇ ਸੁਨੀਲ ਖੂਨ ਨਾਲ ਲਿਬੜਿਆ ਉੱਥੇ ਹੀ ਬੈਠਾ ਮਾਸ ਖਾ ਰਿਹਾ ਸੀ। ਛੋਟੀ ਬੱਚੀ ਦੀ ਚੀਖ ਨੇ ਪੂਰੀ ਬਸਤੀ ਨੂੰ ਹਿਲਾ ਕੇ ਰੱਖ ਦਿੱਤਾ।

ਫੇਰ ਸੁਨੀਲ ਦੇ ਵੱਡੇ ਭਰਾ ਰਾਜੂ ਅਤੇ ਗੁਆਂਢੀ ਮਯੂਰ ਕੰਡਲੇ ਨੇ ਪੁਲਿਸ ਨੂੰ ਸੂਚਿਤ ਕੀਤਾ। ਸੁਨੀਲ ਨੂੰ ਸ਼ਾਹੁਪੁਰੀ ਥਾਣੇ ਲਿਜਾਇਆ ਗਿਆ, ਅਤੇ ਉਸ ਵਿਰੁੱਧ ਧਾਰਾ 302 ਅਧੀਨ FIR ਦਰਜ ਕੀਤੀ ਗਈ। ਪੁਲਿਸ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਫੋਰੈਂਸਿਕ ਰਿਪੋਰਟ ਨੇ ਸਾਬਤ ਕੀਤਾ ਕਿ ਸੁਨੀਲ ਨੇ ਨਾ ਸਿਰਫ਼ ਮਾਂ ਦੀ ਜਾਨ ਲਈ, ਸਗੋਂ ਉਸ ਦੇ ਸਰੀਰ ਦੇ ਅੰਗ ਕਲੇਜਾ, ਦਿਲ, ਅਤੇ ਹੋਰ ਹਿੱਸੇ ਕੱਟ ਕੇ ਤਵੇ ‘ਤੇ ਭੁੰਨ ਕੇ ਖਾਧੇ।

DNA ਟੈਸਟ ਨੇ ਪੁਸ਼ਟੀ ਕੀਤੀ ਕਿ ਸੁਨੀਲ ਦੇ ਨਹੁੰਆਂ, ਕੱਪੜਿਆਂ, ਅਤੇ ਚਾਕੂ ‘ਤੇ ਲੱਗਿਆ ਖੂਨ ਉਸੇ ਦੀ ਮਾਂ ਦਾ ਸੀ। ਸੁਨੀਲ ਦੇ ਢਿੱਡ ਦੇ ਅੰਦਰ ਦੀ ਰਿਪੋਰਟ ਨੇ ਵੀ ਸਾਬਤ ਕੀਤਾ ਕਿ ਸੁਨੀਲ ਨੇ ਮਨੁੱਖੀ ਮਾਸ ਖਾਧਾ ਸੀ। ਇਸ ਮਸਲੇ ‘ਚ ਪੁਲਿਸ ਨੇ 34 ਗਵਾਹਾਂ ਦੇ ਬਿਆਨ ਦਰਜ ਕੀਤੇ, ਜਿਨ੍ਹਾਂ ਨੇ ਦੱਸਿਆ ਕਿ ਸੁਨੀਲ ਨਸ਼ਿਆਂ ਦਾ ਆਦੀ ਸੀ ਅਤੇ ਮਾਂ ਨਾਲ ਅਕਸਰ ਮਾਰਕੁੱਟ ਕਰਦਾ ਸੀ। ਉਸ ਦੀ ਪਤਨੀ ਲਕਸ਼ਮੀ ਵੀ ਉਸ ਦੀ ਹਿੰਸਾ ਤੋਂ ਤੰਗ ਆ ਕੇ ਮੁੰਬਈ ਚਲੀ ਗਈ ਸੀ।

ਘਟਨਾ ਵਾਲੇ ਦਿਨ ਸੁਨੀਲ ਅਤੇ ਉਸਦੀ ਮਾਂ ਘਰ ਵਿੱਚ ਇਕੱਲੇ ਸਨ, ਅਤੇ ਛੋਟੀ ਬੱਚੀ ਨੇ ਆਖਰੀ ਵਾਰ ਆਪਣੀ ਦਾਦੀ ਨੂੰ ਸੁਨੀਲ ਨਾਲ ਦੇਖਿਆ ਸੀ। ਕੋਲਹਾਪੁਰ ਸੈਸ਼ਨ ਕੋਰਟ ਵਿੱਚ ਸਾਢੇ ਤਿੰਨ ਸਾਲ ਤੱਕ ਇਸ ਦਾ ਮੁਕੱਦਮਾ ਚੱਲਿਆ। ਪੁਲਿਸ ਨੇ 90 ਦਿਨਾਂ ਦੀ ਮਿਆਦ ਤੋਂ 10 ਦਿਨ ਪਹਿਲਾਂ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ DNA, FSL, ਅਤੇ ਪੋਸਟਮਾਰਟਮ ਰਿਪੋਰਟਾਂ ਸਮੇਤ ‘ਲਾਸਟ ਸੀਨ ਥਿਊਰੀ’ ਸ਼ਾਮਲ ਸੀ। ਵਕੀਲ ਨੇ ਕੋਰਟ ਵਿੱਚ ਕਿਹਾ, “ਜਿਸ ਮਾਂ ਦੀ ਕੁੱਖੋਂ ਸੁਨੀਲ ਨੇ ਜਨਮ ਲਿਆ, ਉਸ ਨੂੰ ਹੀ ਉਸ ਨੇ ਭੁੰਨ ਕੇ ਖਾ ਲਿਆ।” ਪਰ ਸਵਾਲ ਇਹ ਸੀ ਕੀ ਬਿਨਾਂ ਚਸ਼ਮਦੀਦ ਗਵਾਹ ਦੇ ਸਿਰਫ਼ ਰਿਪੋਰਟਾਂ ਦੇ ਆਧਾਰ ‘ਤੇ ਸੁਨੀਲ ਨੂੰ ਸਜ਼ਾ ਮਿਲੇਗੀ?

ਇਹ ਕੇਸ ਨਾ ਸਿਰਫ਼ ਪੁਲਿਸ ਲਈ ਚੁਣੌਤੀ ਸੀ, ਸਗੋਂ ਸਮਾਜ ਲਈ ਵੀ ਇੱਕ ਸਵਾਲ ਸੀ—ਕੀ ਨਸ਼ੇ, ਗਰੀਬੀ, ਅਤੇ ਹਿੰਸਾ ਅਜਿਹੇ ਅਪਰਾਧਾਂ ਦਾ ਕਾਰਨ ਬਣ ਸਕਦੇ ਹਨ? ਸੁਨੀਲ ਦੀ ਇਸ ਭਿਆਨਕ ਕਰਤੂਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ, ਅਤੇ ਇਹ ਕਹਾਣੀ ਲੰਬੇ ਸਮੇਂ ਤੱਕ ਲੋਕਾਂ ਦੇ ਜ਼ਿਹਨਾਂ ਵਿੱਚ ਰਹੇਗੀ।

Exit mobile version