ਚੰਡੀਗੜ੍ਹ : ਕਿਸਾਨਾਂ ਦੇ ਵਫ਼ਦ ਅਤੇ ਕੇਂਦਰ ਸਰਕਾਰ ਵਿਚਕਾਰ ਅੱਜ ਚੰਡੀਗੜ੍ਹ ਵਿੱਚ ਛੇਵੇਂ ਗੇੜ੍ਹ ਦੀ ਗੱਲਬਾਤ ਬੇਸਿੱਟਾ ਰਹੀ। ਢਾਈ ਘੰਟੇ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ। ਹੁਣ ਅਗਲੀ ਮੀਟਿੰਗ ਚੰਡੀਗੜ੍ਹ ਵਿੱਚ 19 ਮਾਰਚ ਨੂੰ ਹੋਵੇਗੀ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਦਸਿਆ ਕਿ ਸਾਰੇ ਤੱਥ ਮੰਤਰੀਆਂ ਸਾਹਮਣੇ ਰੱਖੇ। ਸਾਰੀਆਂ ਫ਼ਸਲਾਂ ਉਪਰ 100 ਫ਼ੀ ਸਦੀ ਗਰੰਟੀ ਦੀ ਮੰਗ ਰੱਖੀ ਹੈ। 25 ਅਤੇ 30 ਹਜ਼ਾਰ ਕਰੋੜ ਨਾਲ ਕਾਨੂੰਨ ਬਣ ਸਕਦਾ ਹੈ। ਮੀਟਿੰਗ ਛੇਤੀ ਕਰਨ ਦੀ ਮੰਗ ਵੀ ਕੀਤੀ ਪਰ ਕੇਂਦਰੀ ਮੰਤਰੀਆਂ ਨੇ ਮਾਹਰਾ ਨਾਲ ਵਿਸਥਾਰ ਵਿਚ ਚਰਚਾ ਲਈ ਸਮਾਂ ਮੰਗਦਿਆਂ 19 ਮਾਰਚ ਦੀ ਮੀਟਿੰਗ ਰੱਖੀ ਹੈ।
ਪੰਧੇਰ ਨੇ ਕਿਹਾ- ਮਾਰਕੀਟਿੰਗ ਨੀਤੀ ਰੱਦ ਕਰੋ
ਸਰਵਣ ਸਿੰਘ ਪੰਧੇਰ ਨੇ ਕਿਹਾ- ਸਾਡਾ ਵਿਰੋਧ ਸ਼ੁਰੂ ਹੋਏ 374 ਦਿਨ ਹੋ ਗਏ ਹਨ। ਇਹ ਛੇਵਾਂ ਦੌਰ ਸੀ। 3 ਕੇਂਦਰੀ ਮੰਤਰੀ ਮੌਜੂਦ ਸਨ। ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਆਪਣੇ ਸਪੱਸ਼ਟੀਕਰਨ ਦਿੰਦੇ ਰਹਿਣਾ ਚਾਹੀਦਾ ਹੈ। ਜੋ ਲੋਕ ਕਿਸਾਨਾਂ ਨੂੰ ਦੁੱਖ ਦੇ ਰਹੇ ਹਨ, ਉਹ ਉਨ੍ਹਾਂ ਦੇ ਹੱਕ ਪੂਰੇ ਨਹੀਂ ਕਰਦੇ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ 24 ਮਾਰਚ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਵਿੱਚ ਸਰਕਾਰ ਉਨ੍ਹਾਂ ਦੀਆਂ 12 ਮੰਗਾਂ ‘ਤੇ ਮਤਾ ਪਾਸ ਕਰੇ। ਮੰਡੀਕਰਨ ਨੀਤੀ ਸੰਬੰਧੀ ਸਾਹਮਣੇ ਆਏ ਦਸਤਾਵੇਜ਼ਾਂ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਸ਼ੁਭਕਰਨ ਨੂੰ ਜੋ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਸੀ, ਉਹ ਵੀ ਵਿਧਾਨ ਸਭਾ ਸੈਸ਼ਨ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨਾਲ ਮੀਟਿੰਗ ਦਾ ਪ੍ਰਬੰਧ ਕਰਨ ਦਾ ਮਾਮਲਾ ਵੀ ਉਠਾਇਆ ਗਿਆ ਹੈ, ਤਾਂ ਜੋ ਸਥਾਨਕ ਮੁੱਦੇ ਉਨ੍ਹਾਂ ਸਾਹਮਣੇ ਰੱਖੇ ਜਾ ਸਕਣ।
ਇਸ ਮੀਟਿੰਗ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਨਾਲ ਦੋ ਹੋਰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਪ੍ਰਹਲਾਦ ਜੋਸ਼ੀ ਸ਼ਾਮਲ ਸਨ। ਕੇਂਦਰ ਸਰਕਾਰ ਦੇ ਉਚ ਅਧਿਕਾਰੀਆਂ ਦੀ ਟੀਮ ਵੀ ਨਾਲ ਮੌਜੂਦ ਸੀ। ਪੰਜਾਬ ਸਰਕਾਰ ਵਲੋਂ ਵੀ ਤਿੰਨ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁੱਡੀਆਂ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਡੀ.ਜੀ.ਪੀ. ਗੌਰਵ ਯਾਦਵ ਤੇ ਹੋਰ ਉਚ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਕਿਹਾ ਕਿ ਗੱਲਬਾਤ ਬੜੇ ਹੀ ਵਧੀਆ ਮਾਹੌਲ ਵਿਚ ਹੋਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਹਨ ਅਤੇ ਅੱਗੇ ਵੀ ਗੱਲਬਾਤ ਜਾਰੀ ਰਹੇਗੀ।