The Khalas Tv Blog India ਫਾਂਸੀ ਤੋਂ ਪਹਿਲਾਂ ਕਿਸ ਸ਼ਰਤ ‘ਤੇ ਭਗਤ ਸਿੰਘ ਨੇ ਕੇਸ ਰੱਖੇ ? ਜੇਲ੍ਹ ‘ਚ ਸ਼ਹੀਦ-ਏ-ਆਜ਼ਮ ਨੂੰ ਨਾਸਤਕ ਤੋਂ ਧਾਰਮਿਕ ਬਣਾਉਣ ਪਿੱਛੇ ਕੌਣ ? ਜਾਣੋ ਸ਼ਹੀਦ ਦੀ ਅਖੀਰਲੀ ਫੋਟੋ ਦਾ ਸੱਚ
India Punjab

ਫਾਂਸੀ ਤੋਂ ਪਹਿਲਾਂ ਕਿਸ ਸ਼ਰਤ ‘ਤੇ ਭਗਤ ਸਿੰਘ ਨੇ ਕੇਸ ਰੱਖੇ ? ਜੇਲ੍ਹ ‘ਚ ਸ਼ਹੀਦ-ਏ-ਆਜ਼ਮ ਨੂੰ ਨਾਸਤਕ ਤੋਂ ਧਾਰਮਿਕ ਬਣਾਉਣ ਪਿੱਛੇ ਕੌਣ ? ਜਾਣੋ ਸ਼ਹੀਦ ਦੀ ਅਖੀਰਲੀ ਫੋਟੋ ਦਾ ਸੱਚ

23 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ

‘ਦ ਖ਼ਾਲਸ ਬਿਊਰੋ : ਭਾਰਤ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਇਸ ਦੌਰਾਨ 80 ਫੀਸਦੀ ਕੁਰਬਾਨੀ ਦੇਣ ਵਾਲੇ ਪੰਜਾਬੀਆਂ ਦੇ ਯੋਗਦਾਨ ਨੂੰ ਕਿਵੇਂ ਅਣਗੋਲਿਆ ਕੀਤਾ ਜਾ ਸਕਦਾ ਹੈ, ਆਜ਼ਾਦ ਫਿਜ਼ਾ ਦੀ ਹਰ ਇੱਕ ਚੀਜ਼ ਪੰਜਾਬੀਆਂ ਦੀ ਉਨ੍ਹਾਂ ਕੁਰਬਾਨੀਆਂ ਦੀ ਸ਼ੁਕਰਗੁਜ਼ਾਰ ਹੈ ਜਿਸ ਦੀ ਬਦੌਲਤ ਅਸੀਂ 75ਵਾਂ ਅਜ਼ਾਦੀ ਦਿਹਾੜਾ ਮਾਣ ਰਹੇ ਹਾਂ। ਅੰਗਰੇਜ਼ਾ ਖਿਲਾਫ਼ ਦੇਸ਼ ਦੇ ਨੌਜਵਾਨਾਂ ਵਿੱਚ ਕਰਾਂਤੀ ਦੀ ਅੱਗ ਜਲਾਉਣ ਵਾਲੇ ਭਗਤ ਸਿੰਘ ਦੀ ਕੁਰਬਾਨੀ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ ਹੈ।

ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ

75ਵੇਂ ਆਜ਼ਾਦੀ ਦਿਹਾੜੇ ‘ਤੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਵੇਂ ਕਈ ਸਵਾਲ ਚੁੱਕੇ। ਉਨ੍ਹਾਂ ਦੇ ਨਾਸਤਿਕ ਹੋਣ ‘ਤੇ ਵੀ ਕਈ ਟਿੱਪਣੀਆਂ ਕੀਤੀਆਂ ਗਈਆਂ ਪਰ ਅਸੀਂ ਭਗਤ ਸਿੰਘ ਨਾਲ ਜੁੜੇ ਇਤਿਹਾਸ ਦੇ ਕੁਝ ਅਜਿਹੇ ਸਫਿਆ ਨੂੰ ਫਰੋਲਣ ਜਾ ਰਹੇ ਹਾਂ ਜਿੰਨਾਂ ਦੇ ਬਾਰੇ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ।

ਸ਼ਹੀਦ ਭਗਤ ਦੀ ਅਖੀਰਲੀ ਫੋਟੋ ਜਿਸ ਦੇ ਪਿੱਛੇ ਉਨ੍ਹਾਂ ਦੇ ਨਾਸਤਕ ਤੋਂ ਆਸਤਕ ਬਣਨ ਦੀ ਉਹ ਕਹਾਣੀ ਹੈ। ਜਿਸ ਦੇ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਨਾ ਹੋਵੇ। ਜੇਲ੍ਹ ਦੇ ਅਖੀਰਲੇ ਸਮੇਂ ਭਗਤ ਸਿੰਘ ਨੇ ਉਸ ਇਨਸਾਨ ਨਾਲ ਮਿਲਣ ਦੀ ਇੱਛਾ ਜਤਾਈ ਜਿਸ ਨੇ ਉਨ੍ਹਾਂ ਦੇ ਦਿਲ ਨੂੰ ਬਦਲ ਦਿੱਤਾ। ਮਿਲਣ ਦੀ ਇੱਕ ਸ਼ਰਤ ਨੇ ਭਗਤ ਸਿੰਘ ਦੇ ਸਿੱਖੀ ਸਰੂਪ ਨੂੰ ਵਾਪਸ ਲਿਆ ਦਿੱਤਾ ਜੋ ਆਜ਼ਾਦੀ ਦੇ ਜਨੂੰਨ ਨੇ ਪਿੱਛੇ ਲੁੱਕ ਗਿਆ ਸੀ ।

ਭਗਤ ਸਿੰਘ ਦੀ ਅਖੀਰਲੀ ਫੋਟੋ ਨੇ ਖੋਲ੍ਹਿਆ ਰਾਜ਼

ਫਾਂਸੀ ਤੋਂ ਕੁੱਝ ਘੰਟਿਆਂ ਪਹਿਲਾਂ ਭਗਤ ਸਿੰਘ ਦੀ ਇੱਕ ਫੋਟੋ ਸ਼ਾਮ ਲਾਲ ਨੇ ਬੰਬਈ ਦੇ ਅਖਬਾਰ ਬਲਟਿਜ਼ ਦੇ ਲਈ ਖਿੱਚੀ ਸੀ ਇਸ ਫੋਟੋ ਵਿੱਚ ਭਗਤ ਸਿੰਘ ਦੇ ਸਾਬਤ ਸੂਰਤ ਹੋਣ ਦੇ ਸਬੂਤ ਮਿਲਦੇ ਨੇ, ਸਿਰ ‘ਤੇ ਕੇਸ ਅਤੇ ਛੋਟਾ ਜੂੜਾ ਕੀਤਾ ਹੋਇਆ ਹੈ। ਇਹ ਜੇਲ੍ਹ ਵਿੱਚ ਬੰਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਸੰਗਤ ਦਾ ਨਤੀਜਾ ਦੱਸਿਆ ਜਾਂਦਾ ਹੈ। ਭਾਈ ਸਾਹਿਬ ਦੀ ਜੇਲ੍ਹ ਚਿੱਠੀਆਂ ਵਾਲੀ ਕਿਤਾਬ ਵਿੱਚ ਵੀ ਇਸ ਦਾ ਜ਼ਿਕਰ ਹੈ। ਜਦੋਂ ਭਾਈ ਰਣਧੀਰ ਸਿੰਘ ਲਾਹੌਰ ਜੇਲ੍ਹ ਵਿੱਚ ਪਹੁੰਚੇ ਤਾਂ ਇਸੇ ਜੇਲ੍ਹ ਵਿੱਚ ਹੀ ਭਗਤ ਸਿੰਘ ਬੰਦ ਸੀ ਜਿਨਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਸੀ। ਜੇਲ੍ਹ ਵਿੱਚ ਜਦੋਂ ਭਗਤ ਸਿੰਘ ਨੂੰ ਭਾਈ ਸਾਹਿਬ ਰਣਧੀਰ ਸਿੰਘ ਦੇ ਪਹੁੰਚਣ ਦੇ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਭਾਈ ਸਾਹਿਬ ਨਾਲ ਮਿਲਣ ਦੀ ਇੱਛਾ ਜਤਾਈ, ਸਰਕਾਰ ਨੇ ਅਰਜੀ ਨਾ ਮਨਜੂਰ ਕਰ ਦਿੱਤੀ ਫਿਰ ਬਾਬਾ ਚੂਹੜ ਸਿੰਘ ਰਾਹੀਂ ਭਾਈ ਸਾਹਿਬ ਅਤੇ ਭਗਤ ਸਿੰਘ ਇੱਕ ਦੂਜੇ ਨੂੰ ਸੁਨੇਹਾ ਭੇਜਣ ਲੱਗੇ। ਭਾਈ ਰਣਧੀਰ ਸਿੰਘ ਨੇ ਸੁਨੇਹਾ ਭੇਜਿਆ ਅਸੀਂ ਕੇਸਾਂ ਵਾਲੇ ਭਗਤ ਸਿੰਘ ਨੂੰ ਮਿਲੇ ਹਾਂ ਹੁਣ ਬਿਨਾਂ ਕੇਸਾਂ ਵਾਲੇ ਭਗਤ ਸਿੰਘ ਨੂੰ ਮਿਲਣ ਦੀ ਇੱਛਾ ਨਹੀਂ ਹੈ।

ਭਗਤ ਸਿੰਘ ਨੇ ਬਾਬਾ ਚੂਹੜ ਸਿੰਘ ਹੱਥ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਮਿਲਣ ਲਈ ਰਾਜ਼ੀ ਹੋ ਜਾਣ ਜੋ ਉਹ ਕਹਿਣਗੇ ਉਹ ਮੰਨਾਗਾ ਪਰ ਸਰਕਾਰ ਨੇ ਇੰਨਾਂ ਦੋਵਾਂ ਦੇ ਮਿਲਣ ‘ਤੇ ਪਾਬੰਦੀ ਲਗਾਈ ਸੀ। 30 ਅਕਤੂਬਰ 1930 ਨੂੰ ਭਾਈ ਸਾਹਿਬ ਨੇ ਰਿਹਾ ਹੋਣਾ ਸੀ,ਜੇਲ੍ਹ ਦੇ ਬਾਹਰ ਸਿੱਖ ਸੰਗਤ ਉਡੀਕ ਕਰ ਰਹੀ ਸੀ,ਸਰਕਾਰ ਘਬਰਾ ਗਈ ਅਤੇ ਅਫਵਾਹ ਫੈਲਾਈ ਕਿ ਰਣਧੀਰ ਸਿੰਘ ਰਿਹਾ ਨਹੀਂ ਹੋ ਰਹੇ।

ਜੇਲ੍ਹ ਦੇ ਬਾਹਰ ਖੜੀ ਸੰਗਤ ਗੁੱਸੇ ਵਿੱਚ ਆ ਗਈ। ਜੇਲ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਭਾਈ ਸਾਹਿਬ ਅਤੇ ਭਗਤ ਸਿੰਘ ਦੀ ਮੁਲਾਕਾਤ ਕਰਵਾਈ ਜਾਵੇ। ਹਨੇਰਾ ਹੋਣ ‘ਤੇ ਭਾਈ ਸਾਹਿਬ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਜਾਵੇ। ਦੋਵਾਂ ਦੀ ਬੰਦ ਕਮਰੇ ਵਿੱਚ ਮੁਲਕਾਤ ਕਰਵਾਈ ਗਈ। ਭਾਈ ਸਾਹਿਬ ਨੇ ਭਗਤ ਸਿੰਘ ਨੂੰ ਗੁਰਬਾਣੀ ਸਮਝਾਈ। ਸਿੱਖ ਇਤਿਹਾਸ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਬੰਦ-ਬੰਦ ਕਟਵਾਉਣ ਵਾਲ਼ੀ ਸਾਖੀ ਸਮਝਾਈ। ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਉਣ ਵਾਲ਼ੀ ਸਾਖੀ ਸੁਣਾਈ, ਸਰਦਾਰ ਭਗਤ ਸਿੰਘ ਨੇ ਨਾਸਤਕ ਤੋਂ ਆਸਤਕ ਹੋਣ ਦਾ ਪ੍ਰਣ ਕੀਤਾ । ਕੇਸ ਨਾ ਕਟਵਾਉਣ ਦਾ ਪ੍ਰਣ ਕੀਤਾ, ਇਹ ਸਾਰਾ ਵੇਰਵਾ ਭਾਈ ਸਾਹਿਬ ਦੀ ਪੁਸਤਕ ਜੇਲ੍ਹ ਚਿੱਠੀਆਂ ਦੇ ਪੰਨਾ ਨੰਬਰ 299 ਤੋਂ 304 ਤੱਕ ਵਿਸਥਾਰ ਨਾਲ ਮਿਲਦਾ ਹੈ।

ਕੇਸਾਂ ਧਾਰੀ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ

23 ਮਾਰਚ 1931 ਨੂੰ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਲਹੌਰ ਵਿੱਚ ਦਿੱਤੀ ਗਈ ਪਰ ਉਹਨਾਂ ਦੀ ਮ੍ਰਿ ਤਕ ਦੇਹ ਨੂੰ ਫਾਂਸੀ ਘਰ ਦੇ ਪਿਛਲੇ ਪਾਸਿਓਂ ਕੰਧ ਪਾੜ ਕੇ ਗੱਡੀ ਵਿੱਚ ਲੱਦ ਕੇ ਫਿਰੋਜਪੁਰ ਲਾਗੇ ਹੁਸੈਨੀਵਾਲ਼ੇ ਲੈ ਗਏ। ਲੋਕਾਂ ਤੋਂ ਡਰਦੇ ਮਾਰੇ ਸਰਕਾਰੀ ਕਰਮਚਾਰੀ ਸੱਭ ਕੁੱਝ ਉਵੇਂ ਹੀ ਛੱਡ ਕੇ ਭੱਜ ਗਏ, ਤੇਜਧਾਰ ਦਾਤ ਨਾਲ਼ ਭਗਤ ਸਿੰਘ ਦੀ ਕੱਟੀ ਇੱਕ ਹੱਡੀ ਸੰਗਤਾਂ ਨੇ ਆਪਣੇ ਕਬਜੇ ਵਿੱਚ ਲੈ ਲਈ, ਬਾਕੀ ਦੇਹ ਦਾ ਉਥੇ ਹੀ ਸੰਸਕਾਰ ਕਾਰ ਦਿੱਤਾ, ਹੱਡੀ ਅਤੇ ਦਾਤ ਖਟਕੜ ਕਲਾਂ ਮਿਉਜਿਮ ਵਿੱਚ ਰੱਖੀ ਗਈ

। ਫਾਂਸੀ ਹੋਣ ਤੋਂ ਕੁੱਝ ਮਿੰਟ ਪਹਿਲਾਂ ਬੰਬਈ ਦੇ ਬਲਟਿਜ਼ ਅਖਬਾਰ ਵਾਸਤੇ ਸ਼ਾਮ ਲਾਲ ਨੇ ਸਰਦਾਰ ਭਗਤ ਸਿੰਘ ਦੀ ਫੋਟੋ ਖਿੱਚੀ ਸੀ। ਇਹ ਫੋਟੋ ਬਲਟਿਜ਼ ਅਖਬਾਰ 23-03-1949 ਦੇ ਪਰਚੇ ਵਿੱਚ ਛਪੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕਿਤਾਬ ਜੇਲ੍ਹ ਚਿੱਠੀਆਂ ਦੇ ਪੰਨਾ ਨੰਬਰ 457 ‘ਤੇ ਇਹ ਛਪੀ ਹੋਈ ਹੈ। ਇਸ ਫੋਟੋ ਵਿੱਚ ਸਰਦਾਰ ਭਗਤ ਸਿੰਘ ਸਾਬਤ ਸੂਰਤ ਹੈ । ਉਨ੍ਹਾਂ ਦੇ ਸਿਰ ‘ਤੇ ਕੇਸ ਹਨ ਅਤੇ ਛੋਟਾ ਜੂੜਾ ਕੀਤਾ ਹੋਇਆ ਹੈ, ਇਹ ਭਾਈ ਸਾਹਿਬ ਦੇ ਪ੍ਰਚਾਰ ਦਾ ਅਸਰ ਹੈ।

Exit mobile version