ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਖੇਤੀ ਕਰਨ ਵਾਲੇ ਹਰੇਕ ਵਰਗ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਕੱਲ੍ਹ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਖ਼ਾਤਰ ਡੇਰਾ ਬਾਬਾ ਨਾਨਕ ਪਹੁੰਚਣ। ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਹੈ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਂ ਤੇ ਥਾਂ ਕਿਸਾਨਾਂ ਨੂੰ ਮੈਸੇਜ ਰਾਹੀਂ ਬਾਅਦ ਵਿੱਚ ਦੱਸੀ ਜਾਵੇਗੀ, ਜਗ੍ਹਾ ਬਦਲੀ ਵੀ ਜਾ ਸਕਦੀ ਹੈ। ਪਰ ਕਿਸਾਨ ਆਪਣੀ ਪੂਰੀ ਤਿਆਰੀ ਰੱਖਣ।
ਕਿਸਾਨ ਆਗੂ ਭੋਜਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਉਨ੍ਹਾਂ ਦੀ ਫ਼ਸਲ ਦੀਆਂ ਭਰੀਆਂ ਟਰਾਲੀਆਂ ਘਰਾਂ ਵਿੱਚ ਜਾਂ ਮੰਡੀਆਂ ਵਿੱਚ ਖੜੀਆਂ ਹਨ, ਉਹ ਲਿਆ ਤੇ ਜਿੱਥੇ ਸੀਐਮ ਦਾ ਪ੍ਰੋਗਰਾਮ ਹੋਣਾ ਹੈ, ਉੱਥੇ ਖੜੀਆਂ ਕਰ ਦਿੱਤੀਆਂ ਜਾਣ ਤੇ ਸੀਐਮ ਦੇ ਪਹੁੰਚਣ ਤੋਂ 2 ਘੰਟੇ ਪਹਿਲਾਂ ਕਿਸਾਨ ਉੱਥੇ ਪਹੁੰਚ ਜਾਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੱਡੀ ਸਾਜ਼ਿਸ਼ ਤਹਿਤ ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਰਕਾਰੀ ਮੰਡੀਕਰਨ ਸਿਸਟਮ ਬੰਦ ਹੋ ਜਾਵੇ। ਕਿਸਾਨਾਂ ਨੇ ਵੱਡਾ ਅੰਦੋਲਨ ਕਰਕੇ ਕੇਂਦਰ ਸਰਕਾਰ ਕੋਲੋਂ ਤਿੰਨ ਕਾਲ਼ੇ ਕਾਨੂੰਨ ਰੱਦ ਕਰਵਾਏ ਪਰ ਹੁਣ ਕੇਂਦਰ ਸਰਕਾਰ ਸੂਬਾ ਸਰਕਾਰਾਂ ਕੋਲੋਂ ਉਹੀ ਕਾਨੂੰਨ ਲਾਗੂ ਕਰਵਾਉਣ ਵੱਲ ਵਧ ਰਹੀ ਹੈ। ਸਰਕਾਰ ਕਿਸਾਨਾਂ ਕੋਲੋਂ ਬਦਲਾਖੋਰੀ ਤਹਿਤ ਇਹ ਸਭ ਕਰ ਰਹੀ ਹੈ।
ਕਿਸਾਨ ਆਗੂ ਭੋਜਰਾਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਇੱਕ ਧਾਰਾ ਲਿਆ ਰਿਹਾ ਹੈ ਜਿਸ ਦੇ ਜ਼ਰੀਏ ਕਿਸਾਨਾਂ ਨੂੰ 1 ਕਰੋੜ ਤੱਕ ਦਾ ਜ਼ੁਰਮਾਨਾ ਤੇ 5 ਸਾਲ ਤੱਕ ਦੀ ਕੈਦ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਇਸਦਾ ਵੀ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਰਾਹੀਂ ਇਹ ਸਾਰਾ ਕੁਝ ਲਾਗੂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸੁੱਕਾ ਮਾਲ ਡੰਪ ਕਰਦੀ, ਸ਼ੈਲਰ ਮਾਲਕਾਂ ਨੂੰ ਇਨਸੈਂਟਿਵ ਦਿੰਦੀ ਪਰ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਦੇਖਣ ਦੇ ਯਤਨ ਵੀ ਨਹੀਂ ਕੀਤੇ, ਜੇ ਗਏ ਵੀ ਹਨ ਤਾਂ ਸਰਕਾਰ ਨੇ ਗੁੰਮਰਾਹਕੁੰਨ ਪ੍ਰਚਾਰ ਹੀ ਕੀਤਾ ਹੈ। ਇਸ ਕਰਕੇ ਕਿਸਾਨ ਸੰਘਰਸ਼ ਦੇ ਰਾਹ ’ਤੇ ਹੈ।
ਕਿਸਾਨ ਆਗੂ ਭੋਜਰਾਜ ਨੇ ਦੱਸਿਆ ਕਿ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਆਮ ਆਦਮੀ ਦੇ ਆਗੂਆਂ ਦਾ ਘਿਰਾਉ ਕੀਤਾ ਜਾਵੇਗਾ, ਜਦੋਂ ਉਹ ਜ਼ਿਮਨੀ ਚੋਣਾਂ ਲਈ ਬਾਹਰ ਨਿਕਲਣਗੇ ਤਾਂ ਉਨ੍ਹਾਂ ਨੂੰ ਸਵਾਲ ਪੁੱਛੇ ਜਾਣਗੇ, ਤੇ ਭਾਜਪਾ ਆਗੂਆਂ ਦਾ ਵੀ ਘਿਰਾਉ ਕੀਤਾ ਜਾਵੇਗਾ। ਇਸੇ ਤਹਿਤ ਕੱਲ੍ਹ ਦਾ ਪ੍ਰੋਗਰਾਨ ਉਲੀਕਿਆ ਗਿਆ ਹੈ।
ਵੇਖੋ ਵੀਡੀਓ –