The Khalas Tv Blog Punjab ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਕੇ ਰੱਖੀਆਂ 10 ਮੰਗਾਂ ! ਜਾਨ ਹੂਲਵੇਂ ਅੰਦੋਲਨ ਦੀ ਚੇਤਾਵਨੀ
Punjab

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਕੇ ਰੱਖੀਆਂ 10 ਮੰਗਾਂ ! ਜਾਨ ਹੂਲਵੇਂ ਅੰਦੋਲਨ ਦੀ ਚੇਤਾਵਨੀ

ਕਿਸਾਨਾਂ ਮਜਦੂਰ ਸੰਘਰਸ਼ ਕਮੇਟੀ ਦਾ ਡੀਸੀ ਦਫਤਰਾਂ ਦੇ ਬਾਹਰ 17ਵੇਂ ਦਿਨ ਪ੍ਰਦਰਸ਼ਨ ਜਾਰੀ ਰਿਹਾ

ਬਿਊਰੋ ਰਿਪੋਰਟ : ਅੰਦੋਲਨ ਦੀ ਵਰ੍ਹੇਗੰਢ ਤੋਂ ਬਾਅਦ ਪੰਜਾਬ ਦੇ ਕਿਸਾਨ ਹੁਣ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਖਿਲਾਫ਼ ਡਬਲ ਲੜਾਈ ਦੀ ਰਣਨੀਤੀ ‘ਤੇ ਕੰਮ ਕਰ ਰਹੇ ਹਨ । ਉਨ੍ਹਾਂ ਨੇ ਪੰਜਾਬ ਦੇ ਐੱਮਪੀਜ਼ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਵਾਅਦੇ ਮੋਦੀ ਸਰਕਾਰ ਨੂੰ ਯਾਦ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸੜਕਾਂ ‘ਤੇ ਵੀ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ । ਕਿਸਾਨ ਮਜਦੂਰ ਦੇ ਸੰਗਠਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 12 ਦਸੰਬਰ ਸੋਮਵਾਰ ਨੂੰ 4 ਵਿਧਾਇਕਾਂ ਅਤੇ 5 ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਅਤੇ ਮੰਗਾ ਨਾ ਮੰਨੇ ਜਾਣ ‘ਤੇ ਜਾਨ ਹੂਲਵੇ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਗਈ ।

ਦਰਾਸਲ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਡੀਸੀ ਦਫਤਰਾਂ ‘ਤੇ 17 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ । ਪਰ ਕੋਈ ਅਸਰ ਨਾ ਹੋਣ ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਕਿਸਾਨਾਂ ਮਜਦੂਰਾਂ ਤੇ ਔਰਤਾਂ ਵੱਲੋਂ 4 ਵਿਧਾਇਕਾਂ ਅਤੇ 5 ਮੰਤਰੀਆਂ ਦੇ ਘਰਾਂ ਅੱਗੇ ਵੱਡੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ 9 ਥਾਵਾਂ ਤੇ ਮੰਗ ਪੱਤਰ ਸੌਂਪੇ ਗਏ । ਜਿੰਨਾ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਉਨ੍ਹਾਂ ਵਿੱਚ ਮੰਤਰੀ ਇੰਦਰਬੀਰ ਸਿੰਘ ਨਿੱਝਰ,ਲਾਲਜੀਤ ਸਿੰਘ ਭੁੱਲਰ,ਲਾਲਚੰਦ ਕਟਾਰੂਚੱਕ,ਫੌਜਾ ਸਿੰਘ ਸਰਾਰੀ,ਬ੍ਰਹਮਸ਼ੰਕਰ ਕੁਮਾਰ ਜਿੰਪਾ ਦਾ ਨਾਂ ਸ਼ਾਮਲ ਹੈ । ਇਸ ਤੋਂ ਇਲਾਵਾ ਜਿਹੜੇ 4 ਵਿਧਾਇਕਾਂ ਦੇ ਘਰਾਂ ਨੂੰ ਘੇਰਿਆ ਗਿਆ ਉਨ੍ਹਾਂ ਵਿੱਚ ਅਮਨਦੀਪ ਕੌਰ ਅਰੋੜਾ ,ਗੋਲਡੀ ਕੰਬੋਜ,ਨਰਿੰਦਰਪਾਲ ਸਵਨਾ,ਇੰਦਰਜੀਤ ਕੌਰ ਮਾਨ ਦਾ ਨਾਂ ਸ਼ਾਮਲ ਹੈ ।

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰ ਦਾ ਘੇਰਾਓ ਦੌਰਾਨ ਮੌਜੂਦ ਹਜ਼ਾਰਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦਾ ਅਵੇਸਲਾਪਨ ਸਰਕਾਰ ਦੇ ਦੋਗਲੇ ਚੇਹਰੇ ਨੂੰ ਬੇਨਕਾਬ ਕਰਦਾ ਹੈ । ਅਤੇ ਦੱਸਦਾ ਹੈ ਕਿ ਮੋਦੀ ਸਰਕਾਰ ਵਾਂਗ ਹੀ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਜਮੀਨ ਅਸਮਾਨ ਦਾ ਫਰਕ ਹੈ | ਓਹਨਾ ਕਿਹਾ ਕਿ ਪੰਜਾਬ ਵਿਚ ਅੱਜ ਨਾ ਸਿਰਫ ਮਾਰੂ ਨਸ਼ੇ ਦਾ ਵਪਾਰ ਧੜੱਲੇ ਨਾਲ ਚੱਲ ਰਿਹਾ ਹੈ ਬਲਕਿ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਹਨ, ਘਰਾਂ ਦੇ ਘਰ ਤਬਾਹ ਹੋ ਰਹੇ ਹਨ ਅਤੇ ਸਰਕਾਰ ਦੇ ਚੋਣ ਦਾਹਵੇ ਖੋਖਲੇ ਸਾਬਿਤ ਹੋਏ ਹਨ |

 Kisan mazdoor sangarh committee protest against mann govt
ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਕੇ ਰੱਖੀਆਂ 10 ਮੰਗਾਂ ! ਜਾਨ ਹੂਲਵੇਂ ਅੰਦੋਲਨ ਦੀ ਚੇਤਾਵਨੀ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਲਈ ਇਹ ਗੱਲ ਹੁਣ ਚੰਗੀ ਤਰ੍ਹਾਂ ਸਮਝ ਲੈਣ ਦਾ ਸਮਾਂ ਹੈ ਕਿ ਲੋਕ ਹੁਣ ਤਾਨਾਸ਼ਾਹੀ ਤਰੀਕੇ ਨਾਲ ਲਿਆਂਦੀਆਂ ਸੰਵਿਧਾਨਿਕ ਸੋਧਾਂ ਜਾ ਕਨੂੰਨ ਸਵੀਕਾਰ ਨਹੀਂ ਕਰਨਗੇ ਅਤੇ ਕਾਲੇ ਖੇਤੀ ਕਨੂੰਨਾਂ ਵਾਂਗ ਹੀ ਜੁਮਲਾ ਮੁਸਤਰਕਾ ਮਾਲਕਾਨ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲੀ ਸੋਧ ਵਿਧਾਨ ਸਭਾ ਵਿਚ ਵਾਪਿਸ ਲੈਣੀ ਪਵੇਗੀ। ਕਿਸਾਨ ਮਜਦੂਰ ਕਮੇਟੀ ਨੇ ਕਿਹਾ ਪੰਜਾਬ ਦੇ ਖਤਮ ਅਤੇ ਖਰਾਬ ਹੋ ਰਹੇ ਪਾਣੀਆਂ ਲਈ ਪੁਖਤਾ ਨੀਤੀ ਬਣਾ ਕੇ ਲਾਗੂ ਕਰਨੀ,ਝੋਨੇ ਦੀ ਫਸਲ ਬਦਲੇ ਘਟ ਪਾਣੀ ਲੈਣ ਵਾਲੀਆਂ ਫਸਲਾਂ ਤੇ MSP ਨਾਲ ਖਰੀਦ ਦੀ ਗਰੰਟੀ ਦਾ ਪ੍ਰਬੰਧ ਕੀਤਾ ਜਾਵੇ |

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਮੰਗਾਂ

1. ਫਸਲਾਂ ਦੇ ਭਾਅ ਡਾ ਸਵਾਮੀਨਾਥਨ ਦੀ ਰਿਪੋਟ ਅਨੁਸਾਰ 2+50% ਨਾਲ ਦਿੱਤਾ ਜਾਵੇ

2. ਮਾਰੂ ਨਸ਼ੇ ਤੇ ਪੂਰਨ ਪਾਬੰਦੀ

3. ਮਨਰੇਗਾ ਤਹਿਤ ਮਜਦੂਰਾਂ ਨੂੰ 365 ਦਿਨ ਰੁਜਗਾਰ

4. ਮਨਰੇਗਾ ਤਹਿਤ ਮਿਹਨਤਾਨਾ ਦੁਗਣਾ ਕੀਤਾ ਜਾਵੇ

5. ਬਕਾਇਆ ਰਾਸ਼ੀਆਂ ਜਾਰੀ ਕੀਤੀਆਂ ਜਾਣ

6. 17.5 ਜਮੀਨ ਹੱਦਬੰਦੀ ਦਾ ਕਨੂੰਨ ਲਾਗੂ ਕਰਕੇ ਸਾਰੀਆਂ ਸਰਪਲੱਸ ਜਮੀਨਾਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜਦੂਰਾਂ ਵਿਚ ਬਰਾਬਰ ਵੰਡੀਆਂ ਜਾਣ।

7. ਪਿੰਡ ਦੀ ਪੰਚਾਇਤੀ ਜਮੀਨ ਵਿਚ 1/3 ਹਿਸਾ ਸਸਤੇ ਰੇਟ ਦੇ ਠੇਕੇ ਤੇ ਮਜਦੂਰ ਵਰਗ ਲਈ ਰਾਖਵੇਂ ਰੱਖਣ ਨੂੰ ਯਕੀਨੀ ਬਣਾਇਆ ਜਾਵੇ

8. ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ

9. ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕਰਕੇ ਇਨਸਾਫ ਕੀਤਾ ਜਾਵੇ

10. ਡੀਸੀ ਦਫਤਰ ਮੋਰਚਿਆਂ ਦੌਰਾਨ ਤਰਨ ਤਾਰਨ ਮੋਰਚੇ ਤੇ 7 ਦਸੰਬਰ ਤੇ ਹੋਏ ਸ਼ਹੀਦ ਮਜਦੂਰ ਆਗੂ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੰਗ ਪ੍ਰਤੀ ਕੋਈ ਕਦਮ ਨਹੀਂ ਚਕਦੀ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖੇ ਤੋਂ ਤਿੱਖੇ ਐਕਸ਼ਨ ਅੰਜ਼ਾਮ ਦਿੱਤੇ ਜਾਣਗੇ ਅਤੇ ਅਗਰ ਪੁਬ੍ਲਿਕ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਲਈ ਸਰਕਾਰ ਜਿੰਮੇਵਾਰ ਹੋਵੇਗੀ | ਓਹਨਾ ਕਿਹਾ ਕਿ ਡੀਸੀ ਦਫ਼ਤਰ ਮੋਰਚੇ 17ਵੇਂ ਦਿਨ ਵੀ ਜਾਰੀ ਰਹੇ | ਇਸ ਮੌਕੇ ਜਿਲ੍ਹਾ ਖਜਾਨਚੀ ਕੰਧਾਰ ਸਿੰਘ ਭੋਏਵਾਲ, ਬਾਜ਼ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਸਕੱਤਰ ਸਿੰਘ ਕੋਟਲਾ,ਗੁਰਦੇਵ ਸਿੰਘ ਗੱਗੋਮਾਹਲ ,ਕੁਲਜੀਤ ਸਿੰਘ ਕਾਲੇ ਘਨੁਪੁਰ, ਬੀਬੀ ਸੁਖਵਿੰਦਰ ਕੌਰ ਧਾਰੜ, ਹਰਜਸ ਕੌਰ, ਗੁਰਜੀਤ ਕੌਰ ਕੋਟਲਾ, ਰੁਪਿੰਦਰ ਕੌਰ ਅਬਦਾਲ, ਗੁਰਮੀਤ ਕੌਰ ਖੈੜੇ, ਸਰਬਜੀਤ ਕੌਰ ਰੂਪੋਵਾਲੀ ਨੇ ਸੰਬੋਧਨ ਕੀਤੀ |

Exit mobile version